ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜੂਨ
ਸਾਬਕਾ ਕਾਂਗਰਸੀ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅੱਜ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ’ਚ ਡੇਢ ਏਕੜ ’ਚ ਬਣੇ ਮੰਡੀ ਦੇ ਫੜ੍ਹ ਦਾ ਉਦਘਾਟਨ ਕੀਤਾ। ਮਾਰਕੀਟ ਕਮੇਟੀ ਜਗਰਾਉਂ ਵੱਲੋਂ ਇਹ ਫੜ੍ਹ 29 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ। ਚੇਅਰਮੈਨ ਦਾਖਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੱਬੇ ਫ਼ੀਸਦੀ ਵਾਅਦੇ ਪੂਰੇ ਕਰ ਚੁੱਕੀ ਹੈ ਅਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬਸਪਾ ਨਾਲ ਗੱਠਜੋੜ ਕਰਨ ਦੇ ਬਾਵਜੂਦ ਪੈਰ ਨਹੀਂ ਲੱਗ ਰਹੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸੱਤਾ ’ਤੇ ਕਾਬਜ਼ ਹੋਣ ਲਈ ਹਰ ਹਰਬਾ ਵਰਤ ਰਹੀ ਹੈ। ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸਿੱਖ ਹਸਤੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਤੱਕ ਆਖੀ ਹੈ। ਉਨ੍ਹਾਂ ਮੰਨਿਆ ਕਿ ਲੋਕਾਂ ’ਚ ਕਾਂਗਰਸ ਪ੍ਰਤੀ ਕੁਝ ਨਾਰਾਜ਼ਗੀ ਹੋ ਸਕਦੀ ਹੈ ਪਰ ਇਸ ਸਭ ਦੇ ਬਾਵਜੂਦ ਲੋਕਾਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੀ ਹੈ। ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮੁੜ ਬਹੁਮਤ ਹਾਸਲ ਕਰਕੇ ਸਰਕਾਰ ਬਣਾਏਗੀ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਕੁਝ ਲਿੰਕ ਸੜਕਾਂ ’ਤੇ ਵਿਕਾਸ ਦੇ ਹੋਰ ਕੰਮ ਤੇਜ਼ੀ ਨਾਲ ਹੋ ਰਹੇ ਹਨ। ਇਸ ਮੌਕੇ ਸਰਪੰਚ ਤੇ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਵਾਈਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਜਗਦੀਸ਼ਰ ਸਿੰਘ ਡਾਂਗੀਆ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਨੀ ਗਰਗ, ਐਡਵੋਕੇਟ ਗੁਰਵਿੰਦਰ ਸਿੰਘ ਸਦਰਪੁਰਾ ਆਦਿ ਮੌਜੂਦ ਸਨ।