ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਪਸ਼ੂ ਹਸਪਤਾਲ ਵਿਚ ਅਤਿ-ਆਧੁਨਿਕ ਨਵੀਂ ਅਲਟਰਾਸਾਊਂਡ ਇਕਾਈ ਦਾ ਉਦਘਾਟਨ ਕੀਤਾ ਗਿਆ। ਇਸ ਅਲਟਰਾਸਾਊਂਡ ਇਕਾਈ ਨਾਲ ਜਿੱਥੇ ਪਸ਼ੂ ਬਿਮਾਰੀਆਂ ਦੇ ਨਿਰੀਖਣ ਵਿਚ ਤੇਜ਼ੀ ਆਏਗੀ ਉਥੇ ਇਲਾਜ ਵਿਚ ਵੀ ਬਿਹਤਰੀ ਹੋਵੇਗੀ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਡੀਨ, ਵੈਟਰਨਰੀ ਸਾਇੰਸ ਕਾਲਜ ਡਾ. ਸਰਵਪ੍ਰੀਤ ਸਿੰਘ ਘੁੰਮਣ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਇਸ ਇਕਾਈ ਦਾ ਉਦਘਾਟਨ ਕੀਤਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਅਤੇ ਮਸ਼ੀਨਾਂ ਨਾਲ ਅਸੀਂ ਪਸ਼ੂ ਇਲਾਜ ਦੇ ਖੇਤਰ ਵਿਚ ਬਹੁਤ ਜ਼ਿਕਰਯੋਗ ਕਾਰਗੁਜ਼ਾਰੀ ਦਰਜ ਕਰ ਰਹੇ ਹਾਂ ਜਿਸ ਨਾਲ ਮਰੀਜ਼ਾਂ ਨੂੰ ਵੱਡੇ ਪੱਧਰ ’ਤੇ ਰਾਹਤ ਮਿਲਦੀ ਹੈ। ਡਾ. ਘੁੰਮਣ ਨੇ ਕਿਹਾ ਕਿ ਬਿਮਾਰੀ ਦੀ ਪਛਾਣ ਸਬੰਧੀ ਇਹ ਇਕਾਈ ਇਕ ਨਵੀਂ ਤੇ ਵੱਖਰੀ ਭੂਮਿਕਾ ਨਿਭਾਏਗੀ। ਨਿਰਦੇਸ਼ਕ ਵੈਟਰਨਰੀ ਪਸ਼ੂ ਹਸਪਤਾਲ ਡਾ. ਸਵਰਨ ਸਿੰਘ ਰੰਧਾਵਾ ਨੇ ਕਿਹਾ ਕਿ ਪਸ਼ੂਆਂ ਨੂੰ ਸੁਚੱਜਾ ਇਲਾਜ ਦੇਣਾ ਸਾਡਾ ਪਹਿਲਾ ਟੀਚਾ ਹੈ। -ਖੇਤਰੀ ਪ੍ਰਤੀਨਿਧ