ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਨਵੰਬਰ
ਸਥਾਨਕ ਸਿਵਲ ਹਸਪਤਾਲ ਕੈਂਪਸ ਵਿੱਚ ਕਰੀਬ ਦੋ ਵਰ੍ਹਿਆਂ ਵਿਚ ਛੇ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਸਹੂਲਤਾਂ ਨਾਲ ਲੈਸ ਜ਼ੱਚਾ-ਬੱਚਾ ਹਸਪਤਾਲ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਵਾਅਦਾ ਕੀਤਾ ਕਿ ਇਸ ਆਧੁਨਿਕ ਹਸਪਤਾਲ ’ਚ ਬੱਚਿਆਂ ਅਤੇ ਮਾਵਾਂ ਦੇ ਇਲਾਜ ਲਈ ਮਹਿੰਗੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਨ੍ਹਾਂ ਦੀ ਦੇਖ-ਰੇਖ ਅਤੇ ਇਲਾਜ ਵਰਤੋਂ ਲਈ ਮੁਲਾਜ਼ਮਾਂ ਦੀ ਚੱਲ ਰਹੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਕਬੂਤਰਾਂ ਦਾ ਰੈਣ ਬਸੇਰਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਅਕਸਰ ਸਵਾਲ ਕਰਦੀਆਂ ਹਨ ਕਿ ਲੋਕਾਂ ਨੂੰ ਚੱਲ ਰਹੀਆਂ ਅਤੇ ਹੋਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਪੈਸੇ ਕਿੱਥੋਂ ਆਉਣਗੇ, ਸ੍ਰੀ ਮਾਨ ਨੇ ਆਖਿਆ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੋਂ ਕਢਵਾ ਕੇ ਉਹ ਪੈਸਾ ਲੋਕ ਸੇਵਾ ਵਿੱਚ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੀ ਸਰਕਾਰ ਵੱਲੋਂ ਥੋੜ੍ਹੇ ਸਮੇਂ ਵਿੱਚ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਲਈ ਭਰੀ ਹਾਮੀ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਮੰਚ ’ਤੇ ਭਾਵੇਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਹੋਰ ਵਿਧਾਇਕ ਵੀ ਬੈਠੇ ਸਨ ਪਰ ਮਾਣੂੰਕੇ ਅਤੇ ਭਗਵੰਤ ਮਾਨ ਤੋਂ ਬਿਨਾਂ ਕੋਈ ਵੀ ਮੰਚ ਤੋਂ ਬੋਲਿਆ ਨਹੀਂ।
ਮੈਡੀਕਲ ਕਾਲਜ ਬਣਾਉਣ ਲਈ ਭਰੀ ਹਾਮੀ
ਮੁੱਖ ਮੰਤਰੀ ਭਗਵੰਤ ਮਾਨ ਨੇ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਸਨਮਤੀ ਵਿਗਿਆਨ ਅਤੇ ਖੋਜ ਕਾਲਜ (ਰਾਏਕੋਟ) ਦੀ ਖਾਲੀ ਪਈ ਕਰੀਬ 45 ਏਕੜ ਜ਼ਮੀਨ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਹਾਮੀ ਭਰੀ। ਮੁੱਖ ਮੰਤਰੀ ਨੇ ਵਿਧਾਇਕਾ ਬੀਬੀ ਮਾਣੂੰਕੇ ਨੂੰ ਐਸਟੀਮੇਟ ਬਣਾ ਕੇ ਭੇਜਣ ਲਈ ਕਿਹਾ ਹੈ।