ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਸਤੰਬਰ
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ੍ਰੀ ਮਾਨ ਨੇ ਦੱਸਿਆ ਕਿ ਯੂਨੀਅਨ ਦੀਆਂ ਕੋਸ਼ਿਸ਼ਾਂ ਸਦਕਾਂ ਹੁਣ ਐੱਚਡੀਐੱਫਸੀ ਬੈਂਕ ਦਾ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੇ ਸੈਲਰੀ ਅਕਾਊਂਟ ਦਾ ਐਕਸੀਡੈਂਟ ਮੁਆਵਜ਼ਾ ਇੱਕ ਕਰੋੜ ਰੁਪਏ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਤੇ ਐੱਚਡੀਐੱਫ਼ਸੀ ਬੈਂਕ ਦਰਮਿਆਨ 31 ਅਗਸਤ 2023 ਨੂੰ ਹੋਏ ਸਮਝੌਤੇ ਮੁਤਾਬਕ ਸਿੱਖਿਆ ਵਿਭਾਗ ਦੇ ਪੱਕੇ ਮੁਲਾਜ਼ਮਾਂ ਦੀ ਕੁਦਰਤੀ ਮੌਤ ਤੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਅਤੇ ਐਕਸੀਡੈਂਟਲ ਮੌਤ ’ਤੇ ਪੰਜਾਹ ਲੱਖ ਰੁਪਏ ਮਿਲਦੇ ਸਨ ਜਦਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਇਸੇ ਬੈਂਕ ਵੱਲੋਂ ਸੈਲਰੀ ਅਕਾਊਂਟ ਹੇਠ ਪਰਸਨਲ ਐਕਸੀਡੈਂਟ ਤਹਿਤ 1 ਕਰੋੜ ਰੁਪਏ ਦਿੱਤੇ ਜਾਂਦੇ ਸਨ। ਇਸ ਸਬੰਧੀ ਉਨ੍ਹਾਂ ਸਮੇਤ ਹੋਰ ਅਧਿਆਪਕ ਸਾਥੀਆਂ ਨੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ 29 ਅਗਸਤ 2024 ਨੂੰ ਇਹ ਮੁੱਦਾ ਬੈਂਕ ਦੇ ਅਧਿਕਾਰੀਆਂ ਕੋਲ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਚਿੱਠੀ-ਪੱਤਰ ਅਤੇ ਹੋਰ ਯਤਨਾਂ ਸਦਕਾ ਬੈਂਕ ਵੱਲੋਂ ਇਸ ਵਿੱਚ ਸੋਧ ਕੀਤੀ ਗਈ ਤੇ ਪੱਤਰ ਜਾਰੀ ਕਰ ਕੇ ਅਧਿਆਪਕਾਂ ਲਈ ਵੀ 1 ਕਰੋੜ ਦਾ ਐਕਸੀਡੈਂਟਲ ਡੈੱਥ ਅਤੇ ਪੂਰਨ ਅਪੰਗਤਾ ਲਈ ਲਾਭ ਦੇਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਅਧਿਆਪਕ ਵਰਗ ਨਾਲ ਸਬੰਧਤ ਹੋਰ ਮਸਲਿਆਂ ਬਾਰੇ ਵੀ ਸਿੱਖਿਆ ਵਿਭਾਗ ਤੱਕ ਪਹੁੰਚ ਕੀਤੀ ਜਾਵੇਗੀ।