ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਸਨਅਤੀ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਖ਼ੌਫ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਕੁੱਤਿਆਂ ਦੀ ਵੱਢਣ ਦੇ ਕੇਸਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਲੰਘੇ 70 ਦਿਨਾਂ ’ਚ ਸ਼ਹਿਰ ’ਚ 2,000 ਦੇ ਕਰੀਬ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ ਹੈ। ਮਈ ਦੇ ਪਹਿਲੇ 10 ਦਿਨਾਂ ’ਚ ਹੀ ਕੁੱਤਿਆਂ ਨੇ 270 ਦੇ ਕਰੀਬ ਲੋਕਾਂ ਨੂੰ ਵੱਢ ਸੀ ਜਦਕਿ ਅਪਰੈਲ ’ਚ 830 ਤੇ ਮਾਰਚ ’ਚ 823 ਲੋਕ ਕੁੱਤਿਆਂ ਵੱਲੋਂ ਵੱਢਣ ਮਗਰੋਂ ਸਿਵਲ ਹਸਪਤਾਲ ਪੁੱਜੇ ਸਨ।
ਸਿਵਲ ਹਸਪਤਾਲ ’ਚ ਐਂਟੀ ਰੈਬੀਜ਼ ਕਲੀਨਿਕ ’ਚ ਰੋਜ਼ਾਨਾ ਦੇ 35 ਤੋਂ 40 ਲੋਕ ਐਂਟੀ ਰੈਬੀਜ਼ ਟੀਕਾ ਲਵਾਉਣ ਪੁੱਜ ਰਹੇ ਹਨ। ਐਂਟੀ ਰੈਬੀਜ਼ ਕਲੀਨਿਕ ਦੇ ਸਟਾਫ਼ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਾਰਚ ’ਚ 272 ਤੇ ਅਪਰੈਲ ’ਚ 277 ਕੇਸ ਸਾਹਮਣੇ ਆਏ ਸਨ। ਇਸ ਸਾਲ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ’ਚ 3 ਗੁਣਾ ਵਾਧਾ ਹੋਇਆ ਹੈ ਅਤੇ ਅਵਾਰਾ ਹੀ ਨਹੀਂ ਪਾਲਤੂ ਕੁੱਤਿਆਂ ਦਾ ਵਿਵਹਾਰ ਵਿੱਚ ਵੀ ਬਦਲਾਅ ਆਇਆ ਹੈ।
ਬਜ਼ੁਰਗ ਤੇ ਬੱਚੇ ਹੋ ਰਹੇ ਨੇ ਜ਼ਿਆਦਾ ਸ਼ਿਕਾਰ
ਸਿਵਲ ਹਸਪਤਾਲ ’ਚ ਐਂਟੀ ਰੈਬੀਜ਼ ਟੀਕਾ ਲਵਾਉਣ ਲਈ ਪੁੱਜਣ ਵਾਲੇ ਲੋਕਾਂ ’ਚ ਜ਼ਿਆਦਾਤਰ ਬਜ਼ੁਰਗ ਤੇ ਬੱਚੇ ਸ਼ਾਮਲ ਹੁੰਦੇ ਹਨ। ਕੁੱਤੇ ਮੂੰਹ, ਹੱਥ, ਗਰਦਨ ਤੇ ਪਿੱਠ ’ਤੇ ਵੱਢ ਰਹੇ ਹਨ। ਇਨ੍ਹਾਂ ’ਚੋਂ 5 ਤੋਂ 15 ਸਾਲ ਦੇ ਬੱਚੇ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਜ਼ਿਆਦਾ ਹਨ। ਸਿਵਲ ਹਸਪਤਾਲ ਵਿੱਚ ਫਰੀ ਐਂਟੀ ਰੈਬੀਜ਼ ਟੀਕਾ ਲਗਦਾ ਹੈ। ਜਿਥੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਵਾਰਾ ਕੁੱਤੇ ਸ਼ਿਕਾਰ ਬਣਾ ਰਹੇ ਹਨ। ਬਜ਼ੁਰਗਾਂ ਨੂੰ ਸੈਰ ’ਤੇ ਜਾਣ ਲੱਗੇ ਕੁੱਤੇ ਆਪਣਾ ਸ਼ਿਕਾਰ ਬਣਾ ਰਹੇ ਹਨ। ਉਧਰ, ਕੁੱਤਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਕਾਰਨ ਅਵਾਰਾ ਕੁੱਤਿਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਰਕੇ ਡੀ-ਹਾਈਡਰੇਸ਼ਨ ਵੱਧ ਜਾਂਦੀ ਹੈ। ਇਸ ਕਰਕੇ ਕੁੱਤੇ ਲੋਕਾਂ ਨੂੰ ਜ਼ਿਆਦਾ ਵੱਢ ਰਹੇ ਹਨ।