ਗਗਨਦੀਪ ਅਰੋੜਾ
ਲੁਧਿਆਣਾ, 24 ਨਵੰਬਰ
ਆਮ ਆਦਮੀ ਦੀ ਜੇਬ ’ਤੇ ਆਉਣ ਵਾਲੇ ਦਿਨਾਂ ’ਚ ਮਹਿੰਗਾਈ ਦਾ ਅਸਰ ਹੋਰ ਦੇਖਣ ਨੂੰ ਮਿਲ ਸਕਦਾ ਹੈ। ਗਾਰਮੈਂਟਸ ਇੰਡਸਟਰੀ ਦੇ ਇੱਕ ਹਜ਼ਾਰ ਰੁਪਏ ਤੋਂ ਥੱਲੇ ਦੇ ਉਤਪਾਦਾਂ ’ਤੇ ਲੱਗਣ ਵਾਲੀ ਜੀਐੱਸਟੀ ਦੀ 5 ਫੀਸਦੀ ਦਰ ਹੁਣ ਵਧਾ ਕੇ 12 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਹਾਲ ਹੀ ’ਚ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਲੰਮੇ ਸਮੇਂ ਤੋਂ ਇਸ ਵਾਧੇ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ ਅਤੇ ਵਪਾਰੀ ਇਸ ਵਾਧੇ ਨੂੰ ਲਾਗੂ ਕਰਨ ਦੀ ਅਪੀਲ ਕਰ ਰਹੇ ਸਨ, ਪਰ ਕੇਂਦਰ ਸਰਕਾਰ ਵੱਲੋਂ ਹੁਣ 12 ਫ਼ੀਸਦੀ ਜੀਐੱਸਟੀ ਦਰ ਨੂੰ ਲਾਗੂ ਕਰ ਦਿੱਤਾ ਗਿਆ ਹੈ। ਅਜਿਹੇ ’ਚ ਹੁਣ ਕੱਪੜਿਆਂ ਦੇ ਭਾਅ ’ਚ ਵਾਧਾ ਯਕੀਨੀ ਹੈ। ਪਹਿਲਾਂ ਇੱਕ ਹਜ਼ਾਰ ਤੋਂ ਉਪਰ ਹੋਣ ਦੇ ਚੱਲਦੇ ਸਿਰਫ਼ ਸਰਦੀਆਂ ਦੇ ਕੱਪੜੇ ਮਹਿੰਗੇ ਹੋਏ ਸਨ, ਹੁਣ ਗਰਮੀਆਂ ’ਚ ਇੱਕ ਹਜ਼ਾਰ ਤੋਂ ਥੱਲੇ ਵਾਲੇ ਉਤਪਾਦ ਵੀ ਮਹਿੰਗੇ ਹੋ ਜਾਣਗੇ। ਇਸ ਨੂੰ ਲੈ ਕੇ ਵਪਾਰੀਆਂ ਨੇ ਰੋਸ ਜ਼ਾਹਰ ਕੀਤਾ ਹੈ ਕਿ ਹਾਲੇ ਇੰਡਸਟਰੀ ਕਰੋਨਾ ਸੰਕਟ ’ਚੋਂ ਬਾਹਰ ਨਹੀਂ ਆ ਪਾਈ ਤੇ ਅਜਿਹੇ ’ਚ ਹੁਣ ਮਹਿੰਗਾਈ ਵਧਣ ਨਾਲ ਇਸਦਾ ਅਸਰ ਵਿਕਰੀ ’ਤੇ ਪਵੇਗਾ। ਅਮੀਸ਼ਾ ਇੰਟਰਪ੍ਰਾਈਜਿਜ਼ ਦੇ ਅਮਿਤ ਨਾਗਪਾਲ ਅਨੁਸਾਰ ਇਸ ਵੇਲੇ ਉਹ ਮੰਦੀ ਦੇ ਦੌਰ ’ਚੋਂ ਲੰਘ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਰਾਹਤ ਦੇਣ ਦੀ ਬਜਾਏ ਜੀਐੱਸਟੀ ਦਰਾਂ ’ਚ ਵਾਧਾ ਕਰ ਰੇਣ ਨਾਲ ਇਸ ਦਾ ਅਸਰ ਵਪਾਰ ’ਤੇ ਪਵੇਗਾ।
ਕੱਪੜੇ ਮਹਿੰਗੇ ਹੋਣ ਨਾਲ ਇਸ ਦਾ ਅਸਰ ਸਿੱਧੇ ਤੌਰ ’ਤੇ ਵਿਕਰੀ ’ਤੇ ਪਵੇਗਾ। ਪਹਿਲਾਂ ਹੀ ਨਗਦੀ ਸੰਕਟ ਕਾਰਨ ਵਪਾਰੀ ਪ੍ਰੇਸ਼ਾਨ ਹਨ। ਆਰਐਮ ਨਿਟਵੀਅਰ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਆਸ਼ੂ ਅਨੁਸਾਰ ਇਹ ਸਮਾਂ ਰਾਹਤਾਂ ਦੇਣ ਦਾ ਹੈ, ਕਿਉਂਕਿ ਹਾਲੇ ਵਪਾਰ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਅਜਿਹੇ ’ਚ ਜੀਐੱਸਟੀ ਦੇ ਭਾਅ ਨੂੰ ਵਧਾਉਣ ਨਾਲ ਸਿੱਧਾ ਡਾਕਾ ਆਮ ਆਦਮੀ ਦੀ ਜੇਬ ’ਤੇ ਪਵੇਗਾ ਤੇ ਵਪਾਰ ਜਗਤ ਨੂੰ ਇਸ ਨਾਲ ਆਰਡਰ ਘੱਟ ਮਿਲਣਗੇ ਤੇ ਮਾਰਕੀਟ ’ਚ ਨਗਦੀ ਸੰਕਟ ਖਤਮ ਨਹੀਂ ਹੋਵੇਗਾ। ਇਸ ਨੂੰ ਲੈ ਕੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।
ਕਾਰੋਬਾਰੀਆਂ ਨੂੰ ਲਾਮਬੰਦ ਕਰਕੇ ਦਿੱਲੀ ਮਾਰਚ ਦੀਆਂ ਤਿਆਰੀਆਂ
ਇਸ ਫੈਸਲੇ ਦੇ ਵਿਰੋਧ ’ਚ ਕਾਰੋਬਾਰੀਆਂ ਵੱਲੋਂ ਦਿੱਲੀ ’ਚ 25 ਨਵੰਬਰ ਨੂੰ ਮਾਰਚ ਕੱਢਣ ਦੀ ਤਿਆਰੀ ਕੀਤੀ ਗਈ ਹੈ। ਇਸ ਨੂੰ ਲੈ ਕੇ ਬੈਠਕਾਂ ਦਾ ਦੌਰ ਚੱਲ ਰਿਹਾ ਹੈ। ਇਸੇ ਸਬੰਧ ’ਚ ਬਹਾਦਰੁਕੇ ਟੈਕਸਟਾਈਲ ਤੇ ਨਿਟਵੀਅਰ ਐਸੋਸੀਏਸ਼ਨ ਦੀ ਬੈਠਕ ਪ੍ਰਧਾਨ ਜੈਨ ਬਾਵਾ ਦੀ ਅਗਵਾਈ ’ਚ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 25 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਦੇ ਬਾਹਰ ਇਕੱਠੇ ਹੋ ਕੇ ਜੀਐੱਸਟੀ ਦਰਾਂ ’ਚ ਕੀਤੇ ਵਾਧੇ ਖ਼ਿਲਾਫ਼ ਮਾਰਚ ਕੱਢਿਆ ਜਾਵੇਗਾ। ਇਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਅਤੇ ਲੁਧਿਆਣਾ ਸਮੇਤ ਸਮੁੱਚੇ ਦੇਸ਼ ਦੇ ਵਪਾਰੀਆਂ ਨੂੰ ਇਸ ਮੁਹਿੰਮ ’ਚ ਜੋੜਨ ਦਾ ਕੰਮ ਕੀਤਾ ਜਾਵੇਗਾ।