ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਫਰਵਰੀ
ਸਨਅਤੀ ਸ਼ਹਿਰ ਵਿੱਚ ਅੱਜ ਮੌਸਮ ਨੇ ਇਕਦਮ ਕਰਵਟ ਲੈਂਦਿਆਂ ਦੁਬਾਰਾ ਠੰਢ ਕਰ ਦਿੱਤੀ ਹੈ। ਮੰਗਲਵਾਰ ਨੂੰ ਸਾਰਾ ਦਿਨ ਜਿੱਥੇ ਤੇਜ਼ ਹਵਾ ਚੱਲਦੀ ਰਹੀ ਉੱਥੇ ਹੀ ਹਲਕੀ ਬੱਦਲਵਾਈ ਨੇ ਲੋਕਾਂ ਨੂੰ ਦੁਬਾਰਾ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ। ਦੂਜੇ ਪਾਸੇ ਮੌਸਮ ਮਾਹਿਰਾਂ ਨੇ 23 ਫਰਵਰੀ ਨੂੰ ਵੀ ਤੇਜ਼ ਹਵਾ ਚੱਲਣ ਅਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਨਿਕਲਦੀ ਤਿੱਖੀ ਧੁੱਪ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਮੀ ਵਾਲਾ ਮੌਸਮ ਬਣਿਆ ਹੋਇਆ ਸੀ, ਪਰ ਮੰਗਲਵਾਰ ਸਵੇਰ ਤੋਂ ਹਲਕੀ ਬੱਦਲਵਾਈ ਅਤੇ ਸਾਰਾ ਦਿਨ ਧੂੜ ਵਾਲੀ ਤੇਜ਼ ਹਵਾ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਮੌਸਮ ਦੁਬਾਰਾ ਠੰਢਾ ਹੋ ਜਾਣ ਕਾਰਨ ਲੋਕਾਂ ਨੂੰ ਗਰਮ ਕੱਪੜੇ ਤੱਕ ਕੱਢਣੇ ਪੈ ਗਏ। ਹਵਾ ਇੰਨੀ ਤੇਜ਼ ਸੀ ਕਿ ਸੜਕਾਂ ’ਤੇ ਪਈ ਧੂੜ ਉੱਡ ਕੇ ਰਾਹਗੀਰਾਂ ਦੀਆਂ ਅੱਖਾਂ ਭਰ ਰਹੀ ਸੀ। ਸਾਈਕਲਾਂ ’ਤੇ ਜਾਂਦੇ ਸਕੂਲੀ ਬੱਚਿਆਂ ਅਤੇ ਵਿਦਿਆਰਥਣਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਜਦਕਿ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਵੇਰ ਸਮੇਂ ਹਵਾ ਵਿੱਚ ਨਮੀ 66 ਫੀਸਦ ਜਦਕਿ ਸ਼ਾਮ ਵੇਲੇ 39 ਫੀਸਦ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪੀਏਯੂ ਦੇ ਮੌਸਮ ਵਿਭਾਗ ਨੇ 22 ਅਤੇ 23 ਫਰਵਰੀ ਨੂੰ ਤੇਜ਼ ਹਵਾ ਚੱਲਣ ਅਤੇ ਕਿਤੇ ਕਿਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਮਾਹਿਰਾਂ ਦੀ ਮੰਨੀਏ ਤਾਂ ਹੁਣ 23 ਫਰਵਰੀ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਦੀ ਅਨੁਮਾਨ ਹੈ। ਇਸ ਦਿਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।