ਗਗਨਦੀਪ ਅਰੋੜਾ
ਲੁਧਿਆਣਾ, 20 ਦਸੰਬਰ
ਅੰਮ੍ਰਿਤਸਰ ਅਤੇ ਕਪੂਰਥਲਾ ’ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੁਲੀਸ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਸਬੰਧੀ ਚਿੱਠੀ ਭੇਜੀ ਹੈ। ਇਸ ’ਚ ਸਾਫ਼ ਲਿਖਿਆ ਗਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲੀਸ ਦੇ ਉਚ ਅਧਿਕਾਰੀ ਧਾਰਮਿਕ ਸਥਾਨਾਂ ਦੀ ਸੁਰੱਖਿਆ ’ਤੇ ਨਜ਼ਰ ਰੱਖਣ। ਜ਼ਿਲ੍ਹਾ ਲੁਧਿਆਣਾ ’ਚ ਅੱਜ ਧਾਰਮਿਕ ਸਥਾਨਾਂ ਦੇ ਆਸ-ਪਾਸ ਪੁਲੀਸ ਨੇ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਪੁਲੀਸ ਧਾਰਮਿਕ ਸਥਾਨਾਂ ’ਤੇ ਜਾ ਕੇ ਖੁਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਸਣੇ ਰਾਤ ਸਮੇਂ ਲਾਈਟ ਦਾ ਪ੍ਰਬੰਧ ਵਿਸ਼ੇਸ਼ ਤੌਰ ’ਤੇ ਰੱਖਣ ਦੇ ਹੁਕਮ ਦਿੱਤੇ ਜਾ ਰਹੇ ਹਨ। ਧਾਰਮਿਕ ਸਥਾਨਾਂ ਦੇ ਪ੍ਰਮੁੱਖ ਸੇਵਾਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਘਟਨਾ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ ਲਈ ਆਖਿਆ ਗਿਆ ਹੈ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਮੇਤ ਸਾਰੇ ਵੱਡੇ ਧਾਰਮਿਕ ਸਥਾਨਾਂ ’ਤੇ ਪੁਲੀਸ ਦੇ ਉਚ ਅਧਿਕਾਰੀ ਜਾਂਚ ਕਰਨ ਪੁੱਜੇ। ਇੱਥੇ ਸੇਵਾਦਾਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਸੁਰੱਖਿਆ ਘੇਰਾ ਅਤੇ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣ ਲਈ ਕਿਹਾ। ਲੰਗਰ ਹਾਲ ਵਿੱਚ ਵੀ ਚੌਕਸੀ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ। ਧਾਰਮਿਕ ਸਥਾਨਾਂ ’ਤੇ ਜਾ ਕੇ ਅਧਿਕਾਰੀਆਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਇਹ ਵੀ ਦੇਖਿਆ ਕਿ ਕੈਮਰੇ ਚੱਲਦੇ ਹਨ ਜਾਂ ਨਹੀਂ। ਪ੍ਰਬੰਧਕਾਂ ਨੂੰ ਸੀਸੀਟੀਵੀ ਦੇ ਨਾਲ ਡੀਵੀਆਰ ਦੀ ਵੀ ਖਾਸ ਸੁਰੱਖਿਆ ਕਰਨ ਲਈ ਆਖਿਆ ਗਿਆ। ਧਾਰਮਿਕ ਸਥਾਨਾਂ ਦੇ ਬਾਹਰ ਰਾਤ ਸਮੇਂ ਪੈਟਰੋਲਿੰਗ ਵਧਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਪੁਲੀਸ ਨੂੰ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਰਾਬਤਾ ਰੱਖਣ ਦੀ ਹਦਾਇਤ
ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਜਾਂ ਐੱਸਐੱਚਓ ਆਪਣੇ ਜ਼ਿਲ੍ਹੇ ਤੇ ਸ਼ਹਿਰਾਂ ਦੇ ਧਾਰਮਿਕ ਸਥਾਨਾਂ ’ਚ ਜਾਣ ਅਤੇ ਪ੍ਰਬੰਧਕਾਂ ਨੂੰ ਆਪਣਾ ਫੋਨ ਨੰਬਰ ਦੇਣ ਤੇ ਉਨ੍ਹਾਂ ਦਾ ਨੰਬਰ ਵੀ ਆਪਣੇ ਕੋਲ ਲੈ ਕੇ ਰੱਖਣ ਤਾਂ ਕਿ ਲੋੜ ਪੈਣ ’ਤੇ ਉਨ੍ਹਾਂ ਦਾ ਆਪਸ ’ਚ ਵਧੀਆ ਤਾਲਮੇਲ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਾਏ ਜਾਣ। ਖਾਸ ਤੌਰ ’ਤੇ ਸਾਰੇ ਗੁਰੂ ਘਰਾਂ ਦੇ ਹਰ ਹਾਲ ’ਚ ਸੀਸੀਟੀਵੀ ਹੋਣੇ ਲਾਜ਼ਮੀ ਹਨ। ਸਾਰੇ ਸੀਸੀਟੀਵੀ ਚਾਲੂ ਹੋਣੇ ਜ਼ਰੂਰੀ ਹਨ। ਉਥੇਂ ਰੌਸ਼ਨੀ ਦਾ ਪੁਖਤਾ ਪ੍ਰਬੰਧ ਹੋਵੇ। ਸੀਸੀਟੀਵੀ ਕੈਮਰੇ ਇਸ ਤਰ੍ਹਾਂ ਲਾਏ ਜਾਣ ਕਿ ਉਹ ਸਾਰੇ ਐਂਟਰੀ ਗੇਟਾਂ ਤੋਂ ਆਉਣ ਵਾਲਿਆਂ ਦੀ ਹਰ ਮੂਵਮੈਂਟ ਨੂੰ ਰਿਕਾਰਡ ਕਰ ਸਕਣ।