ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਮਈ
ਪੰਥਕ ਜਥੇਬੰਦੀਆਂ ਦੇ ਸਾਂਝੇ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਮਸਲਿਆਂ ਬਾਰੇ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ।
ਇੱਥੇ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਖੁੱਲ੍ਹੀ ਬਹਿਸ ਲਈ ਜਿੱਥੇ ਚਾਹੁਣ ਉਨ੍ਹਾਂ ਨਾਲ ਸਮਾਂ ਰੱਖ ਕੇ ਪੰਜਾਬ ਅਤੇ ਪੰਥ ਲਈ ਕੀਤੇ ਕੰਮਾਂ ਬਾਰੇ ਆਪਣੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਰੱਖਣ ਅਤੇ ਉਹ ਇਨ੍ਹਾਂ ਪਾਰਟੀਆਂ ਦੇ ਪੰਜਾਬ ਵਿਰੋਧੀ ਕੰਮਾਂ ਦਾ ਪਰਦਾਫਾਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਨੇ ਅੱਜ ਤੱਕ ਜਿੰਨਾ ਨੁਕਸਾਨ ਪੰਜਾਬ, ਪੰਥ ਅਤੇ ਸਿੱਖ ਕੌਮ ਦਾ ਕੀਤਾ ਹੈ ਓਨਾ ਨੁਕਸਾਨ ਇਤਿਹਾਸ ਵਿੱਚ ਕਿਸੇ ਵੀ ਪਾਰਟੀ ਵੱਲੋਂ ਕਿਸੇ ਸੂਬੇ ਵਿੱਚ ਵੇਖਣ ਨੂੰ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਜਪਾ ਦੇ ਦਬਾਅ ਹੇਠ ਆ ਕੇ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਤੋਂ ਲੈ ਕੇ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਨਿਰਦੋਸ਼ ਸਿੱਖਾਂ ’ਤੇ ਤਸ਼ੱਦਦ ਢਾਹਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਰੋਧੀ ਫ਼ੈਸਲੇ ਕਰਕੇ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਦੇ ਹੱਥਾਂ ਵਿੱਚ ਪੰਜਾਬ ਦਾ ਭਵਿੱਖ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਬਰਾੜ ਨੇ ਸਵਾਲ ਕੀਤਾ ਕਿ ਜਿਹੜੇ ਲੋਕ ਅੱਜ ਇਹ ਗੱਲਾਂ ਕਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਉਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਸ ਨੇ ਦੇਸ਼ ਦੇ ਅੰਨਦਾਤਾ ਕਿਸਾਨ ਉੱਪਰ ਜ਼ਬਰ ਜ਼ੁਲਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ 800 ਕਿਸਾਨਾਂ ਦੀ ਸ਼ਹਾਦਤ ਦਾ ਮੁੱਲ ਕੌਣ ਤਾਰੇਗਾ? ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਵਿਰੋਧੀ, ਪੰਜਾਬ ਵਿਰੋਧੀ, ਸਿੱਖ ਵਿਰੋਧੀ, ਅਤੇ ਪੰਥ ਵਿਰੋਧੀ ਪਾਰਟੀ ਕਰਾਰ ਦਿੱਤਾ।
ਉਨ੍ਹਾਂ ਆਪ ਆਦਮੀ ਪਾਰਟੀ ਨੂੰ ਵੀ ਲੰਮੇ ਹੱਥੀ ਲੈਂਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਪਣੇ ਵੋਟ ਦੀ ਸੋਚ ਸਮਝ ਕੇ ਵਰਤੋਂ ਕਰਨ ਕਿਉਂਕਿ ਇਹ ਸਾਰੀਆਂ ਪਾਰਟੀਆਂ ਪੰਜਾਬ ਨੂੰ ਹੇਠਾਂ ਲਾਉਣ ਲਈ ਤੁਲੀਆਂ ਹੋਈਆਂ ਹਨ।