ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ ਬੰਦ ਨੂੰ ਇਲਾਕੇ ਵਿਚ ਭਾਰੀ ਸਮਰਥਨ ਮਿਲਿਆ। ਸੜਕਾਂ ਅਤੇ ਬਾਜ਼ਾਰਾਂ ਵਿਚ ਸੁੰਨ ਪੱਸਰੀ ਰਹੀ, ਪਿੰਡਾਂ ਦੇ ਮੁਹੱਲਿਆਂ ਵਿਚ ਛੋਟੀਆਂ-ਮੋਟੀਆਂ ਦੁਕਾਨਾਂ ਵੀ ਬੰਦ ਰਹੀਆਂ, ਕਸਬਿਆਂ ਵਿਚ ਚਾਹ ਦੀਆਂ ਦੁਕਾਨਾਂ ਵੀ ਨਾ ਖੁੱਲ੍ਹੀਆਂ, ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਵੀ ਨਾ ਲੱਗੀਆਂ। ਜ਼ਰੂਰੀ ਸੇਵਾਵਾਂ ਲਈ ਛੋਟ ਦੇ ਬਾਵਜੂਦ ਸੁਧਾਰ, ਮੁੱਲਾਂਪੁਰ, ਹਲਵਾਰਾ, ਜੋਧਾਂ, ਡੇਹਲੋਂ, ਪੱਖੋਵਾਲ ਵਿਚ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਹੀ ਰਹੀਆਂ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਮਾਛੀਵਾੜਾ ’ਚ ਭਰਪੂਰ ਸਮਰਥਨ ਮਿਲਿਆ। ਇਸ ਦੌਰਾਨ ਜਿੱਥੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ ਉੱਥੇ ਹੀ ਆਵਾਜਾਈ ਵੀ ਠੱਪ ਰਹੀ। ਮਾਛੀਵਾੜਾ ਦੇ ਖਾਲਸਾ ਚੌਕ ਵਿੱਚ ਕਿਸਾਨਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਲਗਾਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਕਿਹਾ ਕਿ ਦੇਸ਼ ਦੇ ਹੰਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ ਦੇ ਰੋਹ ਅੱਗੇ ਝੁਕਣਾ ਪਵੇਗਾ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਸ਼ੁਰੂ ਹੋਈ ਇਹ ਚੰਗਾਰੀ ਅੱਜ ਪੂਰੇ ਦੇਸ਼ ਵਿਚ ਫੈਲ ਰਹੀ ਹੈ ਜਿਸ ਨਾਲ ਹਰੇਕ ਵਰਗ ’ਚ ਦੁਕਾਨਦਾਰ, ਮਜ਼ਦੂਰ, ਵਪਾਰੀ, ਨੌਜਵਾਨ ਵੀ ਸ਼ਮੂਲੀਅਤ ਕਰ ਰਹੇ ਹਨ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਿੱਤ ਦੇ ਬਿਲਕੁਲ ਨੇੜੇ ਹੈ ਅਤੇ ਇਹ ਕਾਨੂੰਨ ਰੱਦ ਹੋਣਗੇ। ਇਸ ਮੌਕੇ ਅਮਰੀਕ ਸਿੰਘ ਧਾਰੀਵਾਲ, ਕਾਮਰੇਡ ਜਗਦੀਸ਼ ਰਾਏ ਬੌਬੀ, ਸੁਖਵਿੰਦਰ ਸਿੰਘ ਗਿੱਲ, ਨਿਰੰਜਨ ਸਿੰਘ ਨੂਰ, ਕਾਮਰੇਡ ਦਰਸ਼ਨ ਲਾਲ, ਮਹਿੰਦਰ ਸਿੰਘ ਮਾਂਗਟ ਵੀ ਮੌਜੂਦ ਸਨ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ‘ਭਾਰਤ ਬੰਦ’ ਦੇ ਸੱਦੇ ’ਤੇ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਵੱਖ ਵੱਖ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੇ ਦੋਰਾਹਾ ਵਿੱਚ ਵਿਸ਼ਾਲ ਧਰਨਾ ਦਿੰਦਿਆਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਪਿੱਟ ਸਿਆਪਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੁਦਾਗਰ ਸਿੰਘ ਘੁਡਾਣੀ, ਤਰਨਜੀਤ ਸਿੰਘ ਕੂਹਲੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਧਰਮ ਤੇ ਜਾਤ ਦੇ ਆਧਾਰ ’ਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕੁੱਪ ਕਲਾਂ (ਕੁਲਵਿੰਦਰ ਸਿੰਘ): ਭਾਰਤ ਬੰਦ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਗੁਰਮੇਲ ਸਿੰਘ ਦੀ ਅਗਵਾਈ 24 ਪਿੰਡਾਂ ਦੇ ਸੈਂਕੜੇ ਕਿਸਾਨਾਂ ਵੱਲੋਂ ਇਕੱਠੇ ਹੋ ਕਸਬਾ ਕੁੱਪ ਕਲਾਂ ਵਿੱਚ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਧਰਨਾ ਲਗਾਇਆ ਗਿਆ।
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੱਲੋਂ ਰਾੜਾ ਸਾਹਿਬ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕ ਜਾਮ ਕੀਤੀ ਗਈ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਭਾਰਤ ਬੰਦ ਦੇ ਸੱਦੇ ਨੂੰ ਰਾਏਕੋਟ ਅਤੇ ਨੇੜਲੇ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਭਾਰਤ ਬੰਦ ਦੇ ਸਮਰਥਨ ਵਿੱਚ ਰਾਏਕੋਟ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ ਜਦੋਂ ਕਿ ਨੇੜਲੇ ਪਿੰਡਾਂ ਵਿੱਚ ਵੀ ਬੰਦ ਨੂੰ ਭਰਵਾਂ ਹੁੰਗਾਰਾਂ ਮਿਲਣ ਦੀਆਂ ਖਬਰ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਮੇਤ ਹੋਰ ਸਮਰਥਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਸਥਾਨਕ ਬਰਨਾਲਾ ਚੌਕ ਵਿੱਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਮਰਾਲਾ (ਡੀ. ਪੀ. ਐੱਸ ਬੱਤਰਾ): ਇਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਬੀ.ਕੇ.ਯੂ. ਕਾਦੀਆਂ ਤੇ ਬੀ.ਕੇ.ਯੂ. ਦੋਆਬਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਬੱਸ ਸਰਵਿਸ ਸਮੇਤ ਸਾਰੇ ਕਾਰੋਬਾਰੀ ਅਦਾਰੇ ਤੇ ਬਾਜ਼ਾਰ ਪੂਰਣ ਰੂਪ ’ਚ ਬੰਦ ਰਹੇ।
ਬਹਿਲੋਲਪੁਰ ਪੁਲ ’ਤੇ ਆਵਾਜਾਈ ਠੱਪ
ਮਾਛੀਵਾੜਾ (ਪੱਤਰ ਪ੍ਰੇਰਕ): ਰੋਪੜ ਤੋਂ ਦੋਰਾਹਾ ਨੂੰ ਜਾਂਦੀ ਸਰਹਿੰਦ ਨਹਿਰ ਕੰਢੇ ਬਹਿਲੋਲਪੁਰ ਪੁਲ ’ਤੇ ਕਿਸਾਨਾਂ ਵਲੋਂ ਅੱਜ ਖੇਤੀਬਾੜੀ ਕਾਲੇ ਕਾਨੂੰਨਾਂ ਖਿਲਾਫ਼ ਚੱਕਾ ਜਾਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਜਥੇਦਾਰ ਜਗੀਰ ਸਿੰਘ ਬਹਿਲੋਲਪੁਰ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਹੀ ਭਾਰੀ ਗਿਣਤੀ ’ਚ ਕਿਸਾਨ ਪੁਲ ’ਤੇ ਇਕੱਠੇ ਹੋ ਗਏ ਜਿਨ੍ਹਾਂ ਨੇ ਚੱਕਾ ਜਾਮ ਕਰ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਮੌਕੇ ਬਿੱਲੂ ਬਹਿਲੋਲਪੁਰ, ਚੇਅਰਮੈਨ ਰਜਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ ਗਿੱਲ, ਭਿੰਦਾ ਗਿੱਲ ਝਾੜ ਸਾਹਿਬ ਤੇ ਸੁਰਿੰਦਰ ਕੁਮਾ ਬੱਗਾ ਬਹਿਲੋਲਪੁਰ ਮੌਜੂਦ ਸਨ।
ਕਿਸਾਨਾਂ ਵੱਲੋਂ ਜਗਰਾਉਂ-ਮੋਗਾ ਮੁੱਖ ਮਾਰਗ ਜਾਮ
ਜਗਰਾਉਂ (ਜਸਬੀਰ ਸ਼ੇਤਰਾ): ਭਾਰਤ ਬੰਦ ਦੇ ਸੱਦੇ ਤਹਿਤ ਅੱਜ ਇਥੇ ਜਗਰਾਉਂ-ਮੋਗਾ ਮੁੱਖ ਮਾਰਗ ’ਤੇ ਨਾਨਕਸਰ ਨੇੜੇ ਦਸ ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਇਸ ’ਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਵਿਸ਼ਾਲ ਧਰਨੇ ’ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਬੰਦ ਕਰਕੇ ਦੇਸ਼ ਪੱਧਰੀ ਸੰਘਰਸ਼ ਦੀ ਸ਼ੁਰੂਆਤ ਹੋਈ ਸੀ। ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਧਰਨਾਕਾਰੀਆਂ ਨੂੰ ਬੀਕੇਯੂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਗੁਰਪ੍ਰੀਤ ਸਿੰਘ ਸਿੱਧਵਾਂ, ਕੰਵਲਜੀਤ ਖੰਨਾ, ਇੰਦਰਜੀਤ ਧਾਲੀਵਾਲ, ਬਲਵਿੰਦਰ ਸਿੰਘ ਪੋਨਾ, ਨਵਨੀਤ ਕੌਰ ਗਿੱਲ, ਸੁੱਖ ਜਗਰਾਉਂ, ਕੁਲਦੀਪ ਸਿੰਘ ਗੁਰੂਸਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖ਼ਿਲਾਫ਼ ਹੈ। ਇਸ ਮੌਕੇ ਇਪਟਾ ਮੋਗਾ ਦੀ ਟੀਮ ਨੇ ਪ੍ਰਸਿੱਧ ਨਾਟਕ ‘ਡਰਨਾ’ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸੇ ਤਰ੍ਹਾਂ ਇਥੇ ਰੇਲਵੇ ਪਾਰਕ ’ਚ ਵੀ ਕਿਸਾਨ ਮੋਰਚਾ ਜਾਰੀ ਰਿਹਾ।