ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 7 ਦਸੰਬਰ
ਕਿਸਾਨਾਂ ਦੇ ਹੱਕ ਵਿਚ ਜਿੱਥੇ ਲੁਧਿਆਣਾ ਦੇ ਦੁਕਾਨਦਾਰਾਂ, ਪੈਟਰੋਲ ਪੰਪ ਮਾਲਕਾਂ ਤੇ ਟਰਾਂਸਪੋਰਟਰਾਂ ਨੇ ‘ਭਾਰਤ ਬੰਦ’ ਨੂੰ ਸਮਰਥਨ ਦਿੱਤਾ ਹੈ, ਉਥੇ ਹੀ ਲੁਧਿਆਣਾ ਦੇ ਜ਼ਿਆਦਾਤਰ ਸਨਅਤਕਾਰਾਂ ਨੇ ਮੰਗਲਵਾਰ ਨੂੰ ਆਪਣੀਆਂ ਸਨਅਤਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਲਾਉਣ ਦਾ ਵੀ ਫ਼ੈਸਲਾ ਕੀਤਾ ਹੈ।
ਲੁਧਿਆਣਾ ਨਿਟਵੀਅਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਹੌਜ਼ਰੀ ਤੇ ਟੈਕਸਟਾਈਲ ਲਈ ਦਸੰਬਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਸ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕ ਵਿੱਚ ਮੰਗਲਵਾਰ ਨੂੰ ਫੈਕਟਰੀਆਂ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿੰਘੂ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਲਈ ਇੱਕ ਹਜ਼ਾਰ ਜੈਕੇਟ ਵੀ ਭੇਜੀ ਹੈ। ਇਸੇ ਤਰ੍ਹਾਂ ਚੈਂਬਰ ਆਫ਼ ਇੰਡਸਟਰੀ ਐਂਡ ਕਮਰਸ਼ੀਅਲ ਅੰਡਰ ਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਨੇ ਵੀ ਬੰਦ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਯੂਨਾਈਟਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਗੁਰਚਰਨ ਸਿੰਘ ਤੇ ਮਨਜਿੰਦਰ ਸਚਦੇਵਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਵੇਰੇ 11 ਵਜੇ ਤੋਂ 1 ਵਜੇ ਤੱਕ ਧਰਨਾ ਦਿੱਤਾ ਜਾਏਗਾ। ਜਨਤਾ ਨਗਰ ਸਮਾਲ ਸਕੇਲ ਇੰਡਸਟਰੀ ਨੇ ਵੀ ਇਲਾਕੇ ਦੇ ਸਾਰੀਆਂ ਯੂਨਿਟਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਧਰ ਟ੍ਰਾਂਸਪੋਰਟ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੀ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਫ਼ੈਸਲਾ ਕੀਤਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਉਹ ਵੱਖ-ਵੱਖ ਚੌਕਾਂ ’ਚ ਧਰਨੇ ਵੀ ਦੇਣਗੇ। ਇਸ ਬੰਦ ਦੌਰਾਨ ਐਂਬੂਲੈਂਸ ਤੇ ਵਿਆਹ ਸਮਾਗਮ ਦੀਆਂ ਗੱਡੀਆਂ ਨੂੰ ਛੂਟ ਰਹੇਗੀ, ਉਨ੍ਹਾਂ ਨੂੰ ਕਿਸੇ ਤਰ੍ਹਾਂ ਰੋਕਿਆ ਨਹੀਂ ਜਾਵੇਗਾ।
ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਚੌੜਾ ਬਾਜ਼ਾਰ ਸਥਿਤ ਅਕਾਲ ਮਾਰਕੀਟ ਦੇ ਦੁਕਾਨਦਾਰਾਂ ਦੀ ਜਥੇਬੰਦੀ ਨੇ ਭਾਰਤ ਬੰਦ ਦੌਰਾਨ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਦੁਕਾਨਦਾਰਾਂ ਨੇ ਅੱਜ ਚੌੜਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਮਾਤਾ ਰਾਣੀ ਚੌਂਕ ਅਤੇ ਘੰਟਾ ਘਰ ਚੋਂਕ ਆਦਿ ਇਲਾਕਿਆਂ ਵਿੱਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਭਲਕੇ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਨੰਦਾ ਨੇ ਦੱਸਿਆ ਹੈ ਕਿ ਭਲਕੇ ਪੰਜਾਬ ਦੇ ਸਾਰੇ ਹੋਟਲ, ਰੈਸਟੋਰੈਂਟ, ਰਿਜ਼ਾਰਟ ਅਤੇ ਬਾਰ ਬੰਦ ਰਹਿਣਗੇ। ਲੁਧਿਆਣਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਬੁਲਾਰੇ ਡਾ. ਅਮਨ ਆਹੂਜਾ ਨੇ ਦੱਸਿਆ ਕਿ ਭਲਕੇ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਟੱਡੀ ਐਬਰੌਡ ਕੰਸਲਟੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਿਤੇਸ਼ ਮਲਹੋਤਰਾ ਨੇ ਵੀ ਦੱਸਿਆ ਹੈ ਕਿ ਭਲਕੇ ਪੰਜਾਬ ਭਰ ਵਿੱਚ ਇਮੀਗ੍ਰੇਸ਼ਨ ਅਤੇ ਆਈਲੈੱਟਸ ਸੰਸਥਾਵਾਂ ਬੰਦ ਰਹਿਣਗੀਆਂ।
ਕੇਸਰ ਗੰਜ ਦੇ ਪਲਾਸਟਿਕ ਦੁਕਾਨਦਾਰਾਂ ਦੀ ਜਥੇਬੰਦੀ ਦੇ ਪ੍ਰਧਾਨ ਵਿਪਨ ਕਟਾਰੀਆ ਅਤੇ ਸਰਾਭਾ ਨਗਰ ਦੁਕਾਨਦਾਰ ਐਸੋਸੀਏਸ਼ਨ ਦੇ ਬੁਲਾਰੇ ਹਰਜਿੰਦਰ ਸਿੰਘ ਕੁਕਰੇਜਾ ਨੇ ਵੀ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਕੌਰ ਨਿਮਾਣਾ ਨੇ ਦੱਸਿਆ ਕਿ ਚੱਕਾ ਜਾਮ ਦੌਰਾਨ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਮਜ਼ਦੂਰਾਂ, ਨੌਜਵਾਨਾਂ ਤੇ ਹੋਰ ਤਬਕਿਆਂ ਦੀਆਂ ਜੱਥੇਬੰਦੀਆਂ ਵੱਲੋਂ ਸਮਰਾਲਾ ਚੌਂਕ ਵਿੱਚ ਦੁਪਹਿਰ 1 ਵਜੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਚੇਅਰਮੈਨ ਗੁਰਮੇਲ ਸਿੰਘ ਮੈਲਡੇ ਦੀ ਅਗਵਾਈ ਹੇਠ ਹੋਈ ਮੀਟਿੰਗ ਬੰਦ ਦੀ ਹਮਾਇਤ ਕੀਤੀ ਗਈ। ਚੌਂਕ ਕੇਸਰ ਗੰਜ ਦੇ ਦੁਕਾਨਦਾਰਾਂ ਵੱਲੋਂ ਬੰਦ ਦੀ ਹਮਾਇਤ ਵਿੱਚ ਲਗਾਏ ਗਏ। ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਜੂਹਾਂ ’ਤੇ ਬੈਠੇ ਕਿਸਾਨਾਂ ਨੂੰ ਲੁਧਿਆਣਵੀਆਂ ਨੇ ਵੱਡੇ ਸਮਰਥਨ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਹੱਕ ਵਿਚ ਮੰਗਲਵਾਰ ਨੂੰ ਲੁਧਿਆਣਾ ਦੇ ਹੋਲਸੇਲ ਸਬਜ਼ੀ ਤੇ ਫਰੂਟ ਮੰਡੀ ਬੰਦ ਰਹੇਗੀ। ਇਸਦੇ ਨਾਲ ਹੀ ਸ਼ਹਿਰ ਦੀਆਂ ਕਈ ਵੱਡੀਆਂ ਮਾਰਕੀਟਾਂ ਦੀਆਂ ਐਸੋਸੀਏਸ਼ਨਾਂ ਨੇ ਆਪ ਮੁਹਾਰੇ ਹੀ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਟਰਾਂਸਪੋਰਟ ਐਸੋਸੇਈਸ਼ਨ, ਮੁਲਾਜ਼ਮ ਜਥੇਬੰਦੀਆਂ, ਹੋਟਲ ਤੇ ਰੈਸਟੋਰੈਂਟ ਐਸੋਸੀਸ਼ੇਨ ਵੀ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਮਿਊਂਸਿਪਲ ਐਂਪਲਾਇਜ਼ ਸੰਘਰਸ਼ ਕਮੇਟੀ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਿਆ ਕਿ ਉਹ ਭਾਰਤ ਬੰਦ ਦਾ ਸਮਰਥਨ ਕਰ ਰਹੇ ਹਨ, ਇਸ ਲਈ ਨਿਗਮ ਮੁਲਾਜ਼ਮ ਮੰਗਲਵਾਰ ਨੂੰ ਦਫ਼ਤਰ ਨਹੀਂ ਆਉਣਗੇ। ਕਮੇਟੀ ਦੇ ਚੇਅਰਮੈਨ ਅਸ਼ਵਨੀ ਸਹੋਤਾ ਤੇ ਪ੍ਰਧਾਨ ਜਗਦੇਵ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਉਨ੍ਹਾਂ ਦੀ ਕਮੇਟੀ ਪੂਰਾ ਸਮਰਥਨ ਦੇ ਰਹੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਸਫ਼ਾਈ ਕਾਮੇ ਸਵੇਰੇ 6 ਵਜੇ ਤੱਕ ਸ਼ਹਿਰ ’ਚ ਸਫ਼ਾਈ ਕਰਨਗੇ ਮਗਰੋਂ ਆਪਣਾ ਕੰਮ ਬੰਦ ਰੱਖਣਗੇ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਇੱਥੋਂ ਦੇ ਸਰਾਭਾ ਨਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਲੁਧਿਆਣਾ ਵਾਸੀਆਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕਰਕੇ ਰਵਾਨਾ ਕੀਤਾ।
ਸਮਰਾਲਾ (ਡੀਪੀਐੱਸ ਬੱਤਰਾ): ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਵਿੱਢੇ ਕਿਸਾਨ ਅੰਦੋਲਨ ਦੇ ਤਹਿਤ 8 ਦਸੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੋਸ਼ਲ ਚੈਰੀਟੇਬਲ ਐਜ਼ੂਕੇਸ਼ਨਲ ਟਰੱਸਟ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਚਾਰ ਸਕੂਲ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ, ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਸਾਹਿਬ, ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਲੱਖਾ ਸਾਹਿਬ ਅਤੇ ਗੁਰੂ ਤੇਗ ਬਹਾਦਰ ਪਬਲਿਕ ਹਾਈ ਸਕੂਲ ਕਰਹਾਲੀ ਸਾਹਿਬ ਭਲਕੇ ਮੰਗਲਵਾਰ ਨੂੰ ਬੰਦ ਰਹਿਣਗੇ। ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਬਿੜਾ, ਅਨਰੇਰੀ ਸਕੱਤਰ ਡਾ . ਗੁਰਮੋਹਨ ਸਿੰਘ ਵਾਲੀਆ ਅਤੇ ਸਕੂਲ ਪ੍ਰਿੰਸੀਪਲ ਸ. ਗੁਰਦੀਪ ਸਿੰਘ ਕਾਹਲੋਂ ਨੇ ਦਿੱਤੀ।
ਵਿਧਾਇਕ ਬੈਂਸ ਨੇ ਪਾਰਟੀ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਾਈਆਂ
ਲੁਧਿਆਣਾ (ਟਨਸ): ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਅੱਜ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਮੁੱਖ ਦਫ਼ਤਰ ਕੋਟ ਮੰਗਲ ਸਿੰਘ ਨਗਰ ਵਿੱਚ ਹੋਈ। ਜਿੱਥੇ ਪਾਰਟੀ ਮੁਖੀ ਵਿਧਾਇਕ ਬੈਂਸ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸਦੇ ਨੂੰ ਸਫ਼ਲ ਬਣਾਉਣ ਲਈ ਪਾਰਟੀ ਦੇ ਮੁੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗੀਆਂ। ਇਸ ਮੌਕੇ ’ਤੇ ਵਿਧਾਇਕ ਬੈਂਸ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਕਿਸਾਨ ਵਿਰੋਧੀ ਖੇਤੀ ਸੁਧਾਰ ਆਰਡੀਨੈਂਸ ਲਿਆਉਂਦੀ ਸੀ, ਉਦੋਂ ਤੋਂ ਲੋਕ ਇਨਸਾਫ਼ ਪਾਰਟੀ ਇਸਦਾ ਵਿਰੋਧ ਕਰਦੀ ਆਈ ਹੈ। ਜੂਨ ਮਹੀਨੇ ਦੀ ਅਤਿ ਦੀ ਗਰਮੀ ਵਿੱਚ ਪਾਰਟੀ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ 300 ਕਿਲੋਂਮੀਟਰ ਸਾਈਕਲ ਯਾਤਰਾ ਵੀ ਕੱਢੀ ਸੀ। ਇਸ ਮੌਕੇ ’ਤੇ ਮਨਵਿੰਦਰ ਸਿੰਘ ਗਿਆਸਪੁਰਾ, ਰਣਧੀਰ ਸਿੰਘ ਸੀਵੀਆ, ਜਥੇਦਾਰ ਜਸਵਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਗਗਨਦੀਪ ਸਿੰਘ ਸੰਨੀ ਕੈਂਪ, ਅਮਰੀਕ ਸਿੰਘ ਵਰਪਾਲ, ਪ੍ਰਕਾਸ਼ ਸਿੰਘ ਮਾਹਲ, ਜਰਨੈਲ ਸਿੰਘ ਨੰਗਲ, ਪ੍ਰਦੀਪ ਸਿੰਘ ਬੰਟੀ ਮੌਜੂਦ ਸਨ
ਨਾਮਧਾਰੀ ਸੰਗਤ ਨੇ ਕਿਸਾਨਾਂ ਲਈ ਖੋਏ ਦੀਆਂ ਪਿੰਨੀਆਂ ਬਣਾਈਆਂ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਜੂਹ ’ਤੇ ਬੈਠੇ ਕਿਸਾਨਾਂ ਲਈ ਨਾਮਧਾਰੀ ਸੰਗਤ ਵੱਲੋਂ ਸਤਿਗੁਰੂ ਉਦੈ ਸਿੰਘ ਦੇ ਹੁਕਮਾਂ ਅਨੁਸਾਰ ਦੇਸੀ ਘਿਓ ਦੀਆਂ ਖੋਏ ਵਾਲੀਆਂ ਪਿੰਨੀਆਂ ਅਤੇ ਮੱਠੀਆਂ ਭੇਜੀਆਂ ਜਾ ਰਹੀਆਂ ਹਨ। ਇਸ ਸਬੰਧੀ ਨਾਮਧਾਰੀ ਸੰਗਤ ਬੱਦੋਵਾਲ ਦੇ ਆਗੂ ਲਖਵੀਰ ਸਿੰਘ ਬੱਦੋਵਾਲ ਨੇ ਦੱਸਿਆ ਹੈ ਕਿ ਕੈਨੇਡਾ ਵਾਸੀ ਅੰਮ੍ਰਿਤਬੀਰ ਸਿੰਘ ਅਤੇ ਨਵਨੀਤ ਕੌਰ ਦੇ ਸਹਿਯੋਗ ਨਾਲ ਸੰਗਤਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਤਿੰਨ ਕੁਇੰਟਲ ਪਿੰਨੀਆਂ ਅਤੇ ਇੱਕ ਕੁਇੰਟਲ ਮੱਠੀਆਂ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਲਕੇ ਲਹਿਣਾ ਸਿੰਘ ਗਰੇਵਾਲ, ਬਲਜੀਤ ਸਿੰਘ ਬੱਲੀ ਅਤੇ ਸੰਤਾ ਸਿੰਘ ਦੀ ਅਗਵਾਈ ਹੇਠ ਸੰਗਤ ਦਾ ਜਥਾ ਸਾਰਾ ਸਾਮਾਨ ਲੈ ਕੇ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ, ਜਿੱਥੇ ਪੰਜਾਬ, ਹਰਿਆਣਾ ਅਤੇ ਲਾਗਲੇ ਸੂਬਿਆਂ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਨਾਮਧਾਰੀ ਸੰਗਤ ਵੱਲੋਂ ਇਹ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ।
‘ਭਾਰਤ ਬੰਦ’ ਦੀ ਸਫਲਤਾ ਲਈ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਰਾਏਕੋਟ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਾ. ਸੁਰਿੰਦਰ ਸਿੰਘ ਜਲਾਲਦੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਸੰਘਰਸ਼ ਦੇ ਸੱਦੇ ’ਤੇ 8 ਦਸੰਬਰ ਨੂੰ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਸਮੂਹ ਨੇ ਫ਼ੈਸਲਾ ਕੀਤਾ ਕਿ ਹਰੀ ਸਿੰਘ ਨਲੂਆ ਚੌਕ ਰਾਏਕੋਟ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਮੋਦੀ ਸਰਕਾਰ ਖ਼ਿਲਾਫ਼ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇਂ ਉਨ੍ਹਾਂ ਸਮੂਹ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟ ਕੇ ਸਾਥ ਦੇਣ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ (ਸਾਂਬਰ) ਦੇ ਆਗੂ ਸੁਰਿੰਦਰ ਸਿੰਘ ਜਲਾਲਦੀਵਾਲ, ਆਲ ਇੰਡੀਆ ਕਿਸਾਨ ਸਭਾ (ਹਨਨਮੁੱਲਾ) ਦੇ ਆਗੂ ਰਣਧੀਰ ਸਿੰਘ ਢੇਸੀ, ਬੰਤ ਸਿੰਘ, ਮਾ. ਫ਼ਕੀਰ ਚੰਦ ਦੱਧਾਹੂਰ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਪਰਮਿੰਦਰ ਸਿੰਘ ਗਰੇਵਾਲ, ਗੁਰਮੀਤ ਸਿੰਘ ਤਲਵੰਡੀ, ਦਿਲਾਵਰ ਸਿੰਘ ਗਰੇਵਾਲ, ਬਲਜੀਤ ਸਿੰਘ, ਗਣੇਸ਼ ਬਹਾਦਰ, ਲਾਲਜੀਤ ਸਿੰਘ, ਸਿਆਮ ਸਿੰਘ, ਹਰਦੇਵ ਸਿੰਘ, ਆਤਮਾ ਸਿੰਘ, ਡਾ. ਗੁਰਚਰਨ ਸਿੰਘ ਬੜਿੰਗ, ਹਰਬੰਸ ਸਿੰਘ ਲੋਹਟਬੱਦੀ ਮਜ਼ਦੂਰ ਸਭਾ ਦਿਹਾਤੀ, ਗੁਰਦੀਪ ਸਿੰਘ ਕਲਸੀ, ਪੰਜਾਬ ਨਿਰਮਾਣ ਆਗੂ ਹਰਪਾਲ ਸਿੰਘ ਭੈਣੀ ਦਰੇੜਾ, ਮੇਵਾ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਲੋਕ ਲਹਿਰ ਬਣ ਚੁੱਕਾ ਹੈ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਲੋਕ ਭਾਵਨਾਵਾਂ ਦਾ ਸਨਮਾਨ ਕਰੇ ਅਤੇ ਖੇਤੀ ਕਾਨੂੰਨ ਵਾਪਸ ਲਵੇ। ਡਾ. ਅਮਰ ਸਿੰਘ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਬੀਤੇ ਦਿਨ ਉਨ੍ਹਾਂ ਸਿੰਘੂ ਬਾਰਡਰ ਦਾ ਦੌਰਾ ਕਰਦਿਆਂ ਦੇਖਿਆ ਕਿ ਇਹ ਅੰਦੋਲਨ ਇੱਕ ਵਿਸ਼ਾਲ ਸਮਾਜਿਕ ਲਹਿਰ ਵਿੱਚ ਤਬਦੀਲ ਹੋ ਚੁੱਕਾ ਹੈ, ਜਿਸ ਵਿੱਚ ਸਮਾਜ ਦਾ ਹਰੇਕ ਵਰਗ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਹਠਧਰਮੀ ਭਾਰਤੀ ਲੋਕਤੰਤਰ ਲਈ ਨੁਕਸਾਨਦੇਹ ਹੋਵੇਗੀ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਮੁਕੰਮਲ ਭਾਰਤ ਬੰਦ ਲਈ ਕਿਸਾਨ, ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਆੜ੍ਹਤੀਆਂ, ਵਪਾਰੀਆਂ, ਰੇਹੜ੍ਹੀ-ਫੜ੍ਹੀ ਵਾਲਿਆਂ, ਛੋਟੇ-ਵੱਡੇ ਸਨਅਤਕਾਰਾਂ ਨਾਲ ਰਾਬਤਾ ਕਰਕੇ ਜਾਮ ਦੀ ਰੂਪ-ਰੇਖਾ ਤਿਆਰ ਕਰ ਲਈ ਹੈ। ਜਾਮ ਸਬੰਧੀ ਚੌਂਕੀਮਾਨ ਟੌਲ ਪਲਾਜ਼ੇ ਅਤੇ ਰੇਲਵੇ ਸਟੇਸ਼ਨ ਧਰਨੇ ’ਤੇ ਲੋਕਾਂ ਦਾ ਧਰਨਾ ਜਾਰੀ ਹੈ, ਜਿੱਥੇ ਕੁਲਦੀਪ ਕਾਉਂਕੇ, ਅਵਤਾਰ ਰਸੂਲਪੁਰ, ਨਰਿੰਦਰ ਨਿੰਦੀ, ਬਲਬੀਰ ਸਿੰਘ, ਨਿਰਮਲ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਲੁਧਿਆਣਾ-ਫਿਰੋਜ਼ਪੁਰ ਮਾਰਗ, ਲਾਲ ਪੈਲੇਸ ਕੋਲ ਅਤੇ ਚੌਕੀਮਾਨ ਟੌਲ ’ਤੇ ਚੱਕਾ ਜਾਮ ਕੀਤਾ ਜਾਵੇਗਾ। ਇਸੇ ਤਰ੍ਹਾਂ ਰਾਏਕੋਟ ਰੋਡ ਅਤੇ ਮੁਲਾਂਪੁਰ-ਰਾਏਕੋਟ ਰੋਡ ਅਤੇ ਰਕਬਾ-ਹਿਸੋਵਾਲ ਟੌਲ ’ਤੇ ਵੀ ਜਾਮ ਕੀਤਾ ਜਾਵੇਗਾ।