ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਨਵੰਬਰ
ਪੰਜਾਬ ਦੇ ਨੌਜਵਾਨਾਂ ਲਈ ਟੈਰੀਟੋਰੀਅਲ ਆਰਮੀ ਦੀ ਭਰਤੀ ਰੈਲੀ ਦੀ ਸ਼ੁਰੂਆਤ ਅੱਜ ਪੀਏਯੂ ਵਿੱਚ ਸ਼ੁਰੂ ਹੋ ਗਈ। ਇਸ ਭਰਤੀ ਰਲੀ ਵਿੱਚ 23 ਨਵੰਬਰ ਤੱਕ ਵੱਖ ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਭਰਤੀ 14 ਨਵੰਬਰ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ। ਸ਼੍ਰੀ ਜ਼ੋਰਵਾਲ ਨੇ ਦੱਸਿਆ ਕਿ ਟੈਰੀਟੋਰੀਅਲ ਆਰਮੀ ਵਿੱਚ ਸਿਪਾਹੀ ਜੀ.ਡੀ, ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਵੱਖ ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਸਿੱਧੀ ਖੁੱਲੀ ਭਰਤੀ 10 ਤੋਂ 24 ਨਵੰਬਰ ਤੱਕ ਪੀਏਯੂ ਵਿੱਚ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਪਹਿਲੇ ਦਿਨ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਚੋਣ ਕੀਤੀ ਗਈ। ਇਸੇ ਤਰ੍ਹਾਂ 11 ਨਵੰਬਰ ਨੂੰ ਫਾਜ਼ਿਲਕਾ ਤੇ ਫਰੀਦਕੋਟ, 13 ਨਵੰਬਰ ਨੂੰ ਗੁਰਦਾਸਪੁਰ ਤੇ ਜਲੰਧਰ, 14 ਨਵੰਬਰ ਨੂੰ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ, 16 ਨਵੰਬਰ ਨੂੰ ਫਿਰੋਜ਼ਪੁਰ ਤੇ ਹੁਸ਼ਿਆਰਪੁਰ, 17 ਨਵੰਬਰ ਨੂੰ ਤਰਨਤਾਰਨ ਤੇ ਮਾਲੇਰਕੋਟਲਾ, 19 ਨਵੰਬਰ ਨੂੰ ਸੰਗਰੂਰ ਤੇ ਰੂਪ ਨਗਰ, 20 ਨਵੰਬਰ ਨੂੰ ਮਾਨਸਾ ਤੇ ਮੁਕਤਸਰ, 22 ਨਵੰਬਰ ਨੂੰ ਬਠਿੰਡਾ ਤੇ ਐੱਸਬੀਐੱਸ ਨਗਰ ਅਤੇ ਆਖਰੀ ਦਿਨ 23 ਨਵੰਬਰ ਨੂੰ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਨੌਜਵਾਨਾਂ ਦੀ ਉਮਰ ਹੱਦ 18 ਤੋਂ 42 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ। ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ। ਆਮ ਫੌਜੀ ਦੀ ਭਰਤੀ ਰੈਲੀ ਵਾਂਗ ਸਿਰਫ ਦਸਤਾਵੇਜ਼ ਲੈ ਕੇ ਆਉਣਾ ਹੈ। ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਰਤੀ ਰੈਲੀ ਨੂੰ ਸਫਲ ਬਣਾਉਣ ਲਈ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਪਹਿਲਾਂ ਹੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਭਰਤੀ ਰੈਲੀ ਵਿੱਚ ਸ਼ਮੂਲੀਅਤ ਕਰਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ।