ਗੁਰਿੰਦਰ ਸਿੰਘ
ਲੁਧਿਆਣਾ, 8 ਮਈ
ਇੱਥੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤੀ ਟੈਕਸਟਾਈਲ ਤਕਨਾਲੋਜੀ ਦੁਨੀਆ ਵਿੱਚ ਸਭ ਤੋਂ ਵਧੀਆ ਹੈ ਅਤੇ ਲੁਧਿਆਣਾ ਵਿੱਚੋਂ ਹੀ ਇਸ ਦਾ ਇਕ ਵੱਡਾ ਹਿੱਸਾ ਬਾਹਰੀ ਮੁਲਕਾਂ ਨੂੰ ਬਰਾਮਦ ਕੀਤਾ ਜਾਂਦਾ ਹੈ। ਇਸ ਨਾਲ ਪੰਜਾਬ ਅਤੇ ਦੇਸ਼ ਦੇ ਵਪਾਰ ਨੂੰ ਤਕੜਾ ਹੁੰਗਾਰਾ ਮਿਲਦਾ ਹੈ। ਉਹ ਅੱਜ ਫਿਰੋਜ਼ਪੁਰ ਰੋਡ ’ਤੇ ਸਥਿਤ ਐਪਾਰਲ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੀ ਕਰਵਾਈ ਗਈ ਕੌਮੀ ਕਾਨਫਰੰਸ ‘ਸਟਿੱਚ ਐਂਡ ਹਿਊਜ਼’ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਵਿਧਾਨ ਸਭਾ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਟੈਕਸਟਾਈਲ ਤੇ ਨਿਟਵੀਅਰ ਉਦਯੋਗ ਬਹੁਤ ਚੁਣੌਤੀਪੂਰਨ ਉਦਯੋਗ ਹੈ ਜਿਸ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਉਂਦਾ ਰਹਿੰਦਾ ਹੈ ਪਰ ਇਸ ਖੇਤਰ ਦੇ ਵਿਕਾਸ ਨੂੰ ਹਮੇਸ਼ਾਂ ਨਵੀਨਤਾ ਦੀਆਂ ਵੱਡੀਆਂ ਛਲਾਂਗਾਂ ਦੇ ਰੂਪ ਵਿੱਚ ਨਹੀਂ ਮਾਪਿਆ ਜਾ ਸਕਦਾ, ਕਈ ਵਾਰ ਇਸ ਦਾ ਵਿਕਾਸ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕਾਢਾਂ ਨਾਲ ਹੁੰਦਾ ਹੈ। ਇਸ ਖੇਤਰ ਵਿੱਚ ਤੁਹਾਨੂੰ ਹਰ ਦਿਨ, ਹਰ ਹਫ਼ਤੇ, ਹਰ ਮਹੀਨੇ, ਲਗਾਤਾਰ ਥੋੜਾ-ਥੋੜਾ ਬਿਹਤਰ ਕਰਨ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ, ‘‘ਭਾਵੇਂ ਕਿ ਅਸੀਂ ਕਿਸੇ ਵੀ ਕਿੱਤੇ ਜਾਂ ਉਦਯੋਗ ਵਿੱਚ ਹੋਈਏ, ਸਿਖ਼ਰ ’ਤੇ ਪਹੁੰਚਣ ਲਈ ਸਾਡਾ ਦੂਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਕਾਨਫਰੰਸ ਰਾਹੀਂ ਟੈਕਸਟਾਈਲ ਤੇ ਨਿਟਵੀਅਰ ਉਦਯੋਗ ਵਿੱਚ ਸ਼ਾਮਲ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨੂੰ ਬਿਹਤਰ ਰੂਪ ਵਿੱਚ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਖਾਸ ਤੌਰ ’ਤੇ ਅਜਿਹੇ ਸਮੇਂ ਵਿੱਚ ਜਦੋਂ ਬਾਜ਼ਾਰ ’ਚ ਅਨਿਸ਼ਚਿਤਤਾ ਦਾ ਦੌਰ ਹੋਵੇ।