ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਅਗਸਤ
ਸੰਸਦ ਮੈਂਬਰ ਸੰਜੀਵ ਅਰੋੜਾ ਨੇ ਬਹਾਦਰਕੇ ਰੋਡ ਦੇ ਸਨਅਤਕਾਰਾਂ ਦੀ ਹਰ ਸਮੱਸਿਆ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਹੈ। ਬਹਾਦਰਕੇ ਰੋਡ ਸਥਿਤ ਟੈਕਸਟਾਈਲ ਉਦਯੋਗਪਤੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਟੈਕਸਟਾਈਲ ਇੰਡਸਟਰੀ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਠੋਸ ਯਤਨ ਕੀਤੇ ਜਾਣਗੇ। ਮੀਟਿੰਗ ਦੌਰਾਨ ਬੁਨਿਆਦੀ ਢਾਂਚੇ ਅਤੇ ਸੇਵਾ ਸੁਧਾਰਾਂ ਲਈ ਵਿਚਾਰ ਚਰਚਾ ਦੌਰਾਨ ਬਿਜਲੀ ਕੱਟ ਕਾਰਨ ਪ੍ਰਭਾਵਤ ਹੋ ਰਹੇ ਉਤਪਾਦਨ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਪਾਵਰਕੌਮ ਦੇ ਚੀਫ਼ ਇੰਜਨੀਅਰ ਜਗਦੇਵ ਸਿੰਘ ਹਾਂਸ ਨਾਲ ਸਿੱਧਾ ਸੰਪਰਕ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਸੜਕਾਂ ਦੀ ਮੰਦੀ ਹਾਲਤ ਬਾਰੇ ਸਨਅਤਕਾਰਾਂ ਨੇ ਕਿਹਾ ਕਿ ਇਸ ਨਾਲ ਵਸਤਾਂ ਦੀ ਨਿਰਵਿਘਨ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ। ਮੀਟਿੰਗ ਦੌਰਾਨ ਸਨਅਤਕਾਰਾ ਨੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਕਾਰਨ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣ ਲਈ ਨਿਯਮਤ ਪੁਲੀਸ ਗਸ਼ਤ ਅਤੇ ਪੁਲੀਸ ਚੌਕੀ ਸਥਾਪਤ ਕਰਨ ਦੀ ਅਪੀਲ ਕੀਤੀ।