ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੂਨ
ਸਨਅਤਕਾਰਾਂ ਵੱਲੋਂ ਅੱਜ ਪਾਵਰਕੌਮ ਦੇ ਜਨਤਾ ਨਗਰ ਡਿਵੀਜ਼ਨ ਦਫ਼ਤਰ ਬਾਹਰ ਰੋਸ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਵਰਕੌਮ ਵੱਲੋਂ ਕਾਰਖਾਨੇਦਾਰਾਂ ਨੂੰ 45 ਦਿਨ ਦੇ ਭੇਜੇ ਅਗਾਊਂ ਬਿੱਲ ਫੌਰਨ ਵਾਪਸ ਲੈਣ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਪਾਵਰਕੌਮ ਵੱਲੋਂ ਕਾਰਖਾਨੇਦਾਰ ਨੂੰ ਹਜ਼ਾਰਾਂ ਰੁਪਏ ਦੇ ਨਾਜਾਇਜ਼ ਬਿੱਲ ਭੇਜੇ ਗਏ ਹਨ, ਜੋ ਕਿ ਇੰਡਸਟਰੀ ਨਾਲ ਭਾਰੀ ਧੱਕਾ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰ ਸਰਕਾਰ ਤੋਂ ਕੋਈ ਭੀਖ ਨਹੀਂ ਮੰਗ ਰਹੇ ਅਤੇ ਨਾ ਹੀ ਕੋਈ ਖੈਰਾਤ ਲੈਣ ਲਈ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਵੱਲੋਂ ਕਿਸੇ ਵੀ ਕੀਮਤ ’ਤੇ ਨਾਜਾਇਜ਼ ਬਿੱਲ ਨਹੀਂ ਭਰੇ ਜਾਣਗੇ।
ਇਸ ਮੌਕੇ ਡੀਐੱਸ ਚਾਵਲਾ, ਗੁਰਮੀਤ ਸਿੰਘ ਕੁਲਾਰ ਅਤੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਇਸ ਨਾਦਰਸ਼ਾਹੀ ਫਰਮਾਨ ਨੇ ਜਨਤਾ ਦਾ ਸਰਕਾਰ ਨਾਲੋਂ ਮੋਹ ਭੰਗ ਕਰ ਦਿੱਤਾ ਹੈ ਅਤੇ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਇਸ ਸਮੇਂ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਸਮੁੱਚੀ ਇੰਡਸਟਰੀ ਇਸ ਫ਼ੈਸਲੇ ਨੂੰ ਵਾਪਸ ਕਰਾਉਣ ਲਈ ਜ਼ੋਰਦਾਰ ਸੰਘਰਸ਼ ਕਰੇਗੀ। ਇਸ ਮੌਕੇ ਇੰਦਰਜੀਤ ਸਿੰਘ ਨਵਯੁਗ, ਸਵਿੰਦਰ ਸਿੰਘ ਹੂੰਝਣ, ਹਰਜੀਤ ਸਿੰਘ ਪਨੇਸਰ, ਰਾਜਿੰਦਰ ਸਿੰਘ ਕਲਸੀ, ਮਨਜੀਤ ਪੱਬੀ, ਮਨਰਾਜ ਸਿੰਘ ਠੁਕਰਾਲ, ਸੁਰਜੀਤ ਸਿੰਘ ਰਾਜਾ, ਰਜਨੀਸ ਕੁਮਾਰ ਖੁੱਲਰ, ਪ੍ਰਦੀਪ ਵਧਾਵਨ ਅਤੇ ਦਵਿੰਦਰ ਕੁਮਾਰ ਭਟਨਾਗਰ ਸਮੇਤ ਵੱਡੀ ਗਿਣਤੀ ਵਿੱਚ ਸਨਅਤਕਾਰ ਹਾਜ਼ਰ ਸਨ।