ਪੱਤਰ ਪ੍ਰੇਰਕ
ਪਾਇਲ, 12 ਜੁਲਾਈ
ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਛੂਹਣ ਲੱਗੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਿਮਾਚਲ ਅੰਦਰ ਪਏ ਭਾਰੀ ਮੀਹਾਂ ਕਾਰਨ ਸਬਜ਼ੀਆਂ ਖੇਤਾਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਗਲ ਸੜ ਗਈਆਂ ਹਨ, ਹਿਮਾਚਲ ’ਚੋਂ ਸਬਜ਼ੀਆਂ ਆਉਣੀਆਂ ਬੰਦ ਹੋ ਗਈਆਂ ਹਨ ਕਿਉਂਕਿ ਸੜਕਾਂ ਬੁਰੀ ਤਰ੍ਹਾਂ ਟੁੱਟਣ ਕਾਰਨ ਟਰਾਂਸਪੋਰਟ ਬੰਦ ਹੋ ਗਈ ਹੈ। ਜੇਕਰ ਸਬਜ਼ੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਤਿੰਨ ਚਾਰ ਗੁਣਾ ਭਾਅ ਵੱਧ ਚੁੱਕੇ ਹਨ ਗਰੀਬ ਬੰਦੇ ਦਾ ਸਬਜ਼ੀ ਖਰੀਦਣ ਦਾ ਕੋਈ ਹੱਜ ਨਹੀਂ। ਪਾਇਲ ਮੰਡੀ ਦੇ ਸਬਜ਼ੀ ਵਿਕਰੇਤਾ ਦੇ ਦੱਸਣ ਮੁਤਾਬਿਕ ਟਮਾਟਰ 160-180 ਰੁ, ਸਿਮਲਾ ਮਿਰਚ 120 ਰੁਪਏ, ਅਰਬੀ 60 ਰੁਪਏ, ਲਸਣ 150 ਰੁਪਏ, ਗੁਆਰਾ ਫਲੀ 60 ਰੁਪਏ, ਹਰੀ ਮਿਰਚ 60 ਰੁਪਏ, ਕੱਦੂ 40 ਰੁਪਏ ਤੇ ਪੇਠਾ ਵੀ 40 ਰੁਪਏ ਕਿਲੋ ਵਿੱਕ ਰਿਹਾ ਹੈ। ਬਲਵੀਰ ਸਿੰਘ ਧਮੋਟ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਹੋਣ ਕਰਕੇ ਸਬਜ਼ੀਆਂ ਗਰੀਬ ਪਰਿਵਾਰਾਂ ਦੇ ਖਰੀਦ ਕਰਨ ਦੇ ਵੱਸ ’ਚੋਂ ਬਾਹਰ ਹੋ ਗਈਆਂ ਹਨ।