ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਸਤੰਬਰ
ਨੇੜਲੇ ਪਿੰਡ ਰਸੂਲੜਾ ਦੀਆਂ ਪੰਚਾਇਤੀ ਚੋਣਾਂ ਵਿਚ ਇਕ ਐੱਸਸੀ ਉਮੀਦਵਾਰ ਨੂੰ ਚੋਣ ਲੜਨ ਤੋਂ ਰੋਕਣ ਤੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਮਾਮਲੇ ’ਚ ਰਾਸ਼ਟਰੀ ਐੱਸਸੀ ਕਮਿਸ਼ਨ ਵੱਲੋਂ ਨੋਟਿਸ ਲੈਂਦਿਆਂ ਡੀਸੀ ਲੁਧਿਆਣਾ ਤੋਂ ਰਿਪੋਰਟ ਮੰਗੀ ਗਈ ਹੈ। ਡੀਸੀ ਵੱਲੋਂ ਖੰਨਾ ਦੀ ਐੱਸਡੀਐਮ ਮਨਜੀਤ ਕੌਰ ਨੂੰ ਜਾਂਚ ਰਿਪੋਰਟ ਭੇਜਣ ਦੀ ਹਦਾਇਤ ਦਿੱਤੀ ਗਈ। ਐੱਸਡੀਐੱਮ ਨੇ ਪ੍ਰਬੰਧਕੀ ਪੱਧਰ ’ਤੇ ਬੀਡੀਪੀਓ ਤੇ ਪੁਲੀਸ ਪੱਧਰ ’ਤੇ ਸਦਰ ਥਾਣਾ ਦੇ ਐੱਸਐੱਚਓ ਨੂੰ ਜਾਂਚ ਲਈ ਕਿਹਾ। ਸ਼ਿਕਾਇਤਕਰਤਾ ਜਸਵੀਰ ਸਿੰਘ ਨੇ ਅੱਜ ਸਬੂਤਾਂ ਨਾਲ ਆਪਣੇ ਬਿਆਨ ਬੀਡੀਪੀਓ ਰਾਜਵਿੰਦਰ ਸਿੰਘ ਅਤੇ ਐੱਸਐੱਚਓ ਹੇਮੰਤ ਕੁਮਾਰ ਕੋਲ ਦਰਜ ਕਰਵਾਏ। ਉਨ੍ਹਾ ਕਾਗਜ਼ਾਂ ਦੇ ਨਾਲ ਗਵਾਹ ਗੁਰਦੀਪ ਸਿੰਘ ਦਾ ਐਫੀਡੈਵਿਟ ਵੀ ਲਾਇਆ, ਜਿਨ੍ਹਾਂ ਸਾਹਮਣੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਕਿਹਾ ਕਿ ਜਸਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਸੂਲੜਾ ਨੇ ਇਹ ਮਾਮਲਾ ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਧਿਆਨ ਵਿਚ ਲਿਆਂਦਾ ਸੀ। ਪੀੜਤ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮੌਕੇ ਡਾ.ਗੁਰਸੇਵਕ ਸਿੰਘ, ਦੀਪੂ ਰਸੂਲੜਾ, ਨਵਦੀਪ ਸਿੰਘ, ਅਮਰਿੰਦਰ ਸਿੰਘ, ਗੁਰਸੇਵਕ ਸਿੰਘ, ਹਰਮਨ ਰੌਣੀ, ਦਵਿੰਦਰ ਸਿੰਘ ਹਾਜ਼ਰ ਸਨ।