ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਸਤੰਬਰ
ਬੁੱਢਾ ਦਰਿਆ ਦੇ ਕੰਢੇ ’ਤੇ ਲੱਗੇ ਪੁਲ ਦਾ ਉਦਘਾਟਨੀ ਪੱਥਰ ਤੋੜ ਕੇ ਪੰਜਾਬ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੁੱਢਾ ਦਰਿਆ ਦੀ ਸਫ਼ਾਈ ਦਾ ਮੁਆਇਨਾ ਕਰਨ ਲਈ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਪਹੁੰਚੇ। ਇਸ ਦੌਰਾਨ ਬੁੱਢਾ ਦਰਿਆ ਦੀ ਸਫ਼ਾਈ ਲਈ ਬਣਾਈ ਕਮੇਟੀ ਦੇ ਮੈਂਬਰ ਅਤੇ ਪ੍ਰਦੂਸ਼ਣ ਬੋਰਡ ਦੇ ਐਕਸੀਅਨ ਨੂੰ ਬੁਲਾਇਆ ਗਿਆ। ਜਦੋਂ ਗੁਰਪ੍ਰੀਤ ਗੋਗੀ ਨੇ ਅਧਿਕਾਰੀ ਨੂੰ ਸਵਾਲ ਪੁੱਛੇ ਤਾਂ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਜਵਾਬ ਦੇਣ ਦੀ ਬਜਾਏ ਬਿਨਾਂ ਕਿਸੇ ਨੂੰ ਦੱਸੇ ਚੁੱਪ-ਚਾਪ ਉੱਥੋਂ ਖਿਸਕ ਗਏ। ਜਦੋਂ ਇਸ ਬਾਰੇ ‘ਆਪ’ ਵਿਧਾਇਕ ਗੋਗੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਣਗੇ। ਵਿਧਾਇਕ ਗੋਗੀ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਵੀਡੀਓ ਵੀ ਦਿਖਾਈ, ਜਿਸ ਵਿੱਚ ਡਾਇੰਗਾਂ ਦਾ ਪਾਣੀ ਬਿਨਾਂ ਕਿਸੇ ਐੱਸਟੀਪੀ ਪਲਾਂਟ (ਸੀਵਰੇਜ ਟਰੀਟਮੈਂਟ ਪਲਾਂਟ) ਦੇ ਬੁੱਢਾ ਦਰਿਆ ਨੂੰ ਸਿੱਧਾ ਦੂਸ਼ਿਤ ਕਰਦਾ ਨਜ਼ਰ ਆ ਰਿਹਾ ਹੈ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਪਣੀ ਜਵਾਬ ਤਲਬੀ ਤੋਂ ਭੱਜ ਰਹੇ ਹਨ। ਅੱਜ ਮੁੱਖ ਇੰਜਨੀਅਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁੱਢਾ ਦਰਿਆ ਦੀ ਸਫ਼ਾਈ ਸਬੰਧੀ ਚੰਡੀਗੜ੍ਹ ਬੁਲਾਇਆ ਗਿਆ ਹੈ।
ਇਸ ਦੌਰਾਨ ਐਕਸੀਅਨ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ, ਪਰ ਜਵਾਬਤਲਬੀ ਦੇ ਸਮੇਂ ਉਹ ਕੁੱਝ ਬੋਲੇ ਨਹੀਂ ਤੇ ਇਹੀ ਕਹਿੰਦੇ ਰਹੇ ਕਿ ਇਸ ਬਾਰੇ ਉਨ੍ਹਾਂ ਦੇ ਸੀਨੀਅਰ ਅਫ਼ਸਰ ਹੀ ਜਵਾਬ ਦੇਣਗੇ। ਜਦੋਂ ਐਕਸੀਅਨ ਤੋਂ ਬੁੱਢਾ ਦਰਿਆ ਦੀ ਮੁਕੰਮਲ ਰਿਪੋਰਟ ਮੰਗੀ ਗਈ ਤਾਂ ਉਹ ਬਿਨਾਂ ਕੋਈ ਤਸੱਲੀਬਖਸ਼ ਜਵਾਬ ਦਿੱਤੇ ਮੌਕੇ ਤੋਂ ਚਲੇ ਗਏ।