ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਮਈ
ਥਾਣਾ ਸਾਹਨੇਵਾਲ ਅਧੀਨ ਪੈਂਦੀਆਂ ਲੋਹੇ ਦੀਆਂ ਫੈਕਟਰੀਆਂ, ਜਿਨ੍ਹਾਂ ਵਿਚ ਆਕਸੀਜਨ ਨੂੰ ਲੋਹਾ ਕੱਟਣ ਲਈ ਵਰਤਿਆ ਜਾਂਦਾ ਹੈ, ਨੂੰ ਸਰਕਾਰ ਵੱਲੋਂ ਜਾਰੀ ਹਦਾਹਿਤਾਂ ਅਨੁਸਾਰ ਹਾਲ ਦੀ ਘੜੀ ਆਕਸੀਜਨ ਦੀ ਸਪਲਾਈ ਬੰਦ ਕੀਤੀ ਗਈ ਹੈ। ਕਰੋਨਾ ਕਾਲ ਦੌਰਾਨ ਆ ਰਹੀ ਆਕਸੀਜਨ ਸਿਲੰਡਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਅੱਜ ਜੁਆਇੰਟ ਕਮਿਸ਼ਨਰ ਹੈੱਡਕੁਆਰਟਰ ਲੁਧਿਆਣਾ ਦੀ ਅਗਵਾਈ ਹੇਠ ਥਾਣਾ ਸਾਹਨੇਵਾਲ ਮੁਖੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲੀਸ ਪਾਰਟੀ ਨਾਲ ਇਲਾਕੇ ਦੀਆਂ ਲੋਹਾ ਫੈਕਟਰੀਆਂ ਦੀ ਜਾਂਚ ਕੀਤੀ। ਫੈਕਟਰੀਆਂ ਵਿੱਚ ਜਾਂਚ ਦੌਰਾਨ 1157 ਆਕਸੀਜਨ ਸਿਲੰਡਰ ਖਾਲੀ ਪਏ ਮਿਲੇ ਹਨ। ਇਸ ਮੌਕੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਫੈਕਟਰੀ ਮਾਲਕ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਆਕਸੀਜਨ ਵਰਤਨ ਵਾਲੀਆਂ ਫੈਕਟਰੀਆਂ ਦੀ ਚੈਕਿੰਗ ਅੱਗੇ ਤੋਂ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ।
ਸਨਅਤਾਂ ਨੇ ਆਕਸੀਜਨ ਸਿਲੰਡਰ ਕੀਤੇ ਪ੍ਰਸ਼ਾਸਨ ਹਵਾਲੇ
ਲੁਧਿਆਣਾ (ਟਨਸ): ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਮਤੀ ਜਾਨਾਂ ਬਚਾਉਣ ਲਈ ਜੀਵਨ ਬਚਾਉਣ ਵਾਲੀ ਗੈਸ ਦੀ ਮੰਗ ਵਿੱਚ ਹੋਰ ਰਹੇ ਲਗਾਤਾਰ ਇਜ਼ਾਫੇੇ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੂੰ ਆਕਸੀਜਨ ਸਿਲੰਡਰ ਦੇਣ ਦੀ ਅਪੀਲ ਦਾ ਹਾਂ ਪੱਖੀ ਹੁੰਗਾਰਾ ਦਿੰਦਿਆਂ ਸ਼ਹਿਰ ਦੇ ਉਦਯੋਗਾਂ ਤੇ ਫੈਕਟਰੀਆਂ ਵੱਲੋਂ ਪ੍ਰਸ਼ਾਸਨ ਨੂੰ 91 ਆਕਸੀਜਨ ਸਿਲੰਡਰ ਸਪੁਰਦ ਕੀਤੇ ਗਏ, ਜਿਸ ਵਿੱਚ 17 ਭਰੇ ਹੋਏ ਸਿਲੰਡਰ ਵੀ ਸ਼ਾਮਲ ਹਨ। ਭਰੇ ਹੋਏ ਸਿਲੰਡਰ ਤੁਰੰਤ ਆਈਸੀਯੂ ਲਈ ਸਿਵਲ ਹਸਪਤਾਲ ਨੂੰ ਸੌਂਪ ਦਿੱਤੇ ਗਏ। ਡੀਸੀ ਨੇ ਪ੍ਰਸ਼ਾਸਨ ਨੂੰ ਸਿਲੰਡਰ ਸੌਂਪਣ ਲਈ ਉਦਯੋਗਾਂ ਤੇ ਫੈਕਟਰੀਆਂ ਦਾ ਧੰਨਵਾਦ ਕੀਤਾ। ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਗੰਭੀਰ ਮਰੀਜ਼ਾਂ ਵਿੱਚ ਤੇਜ਼ ਵਾਧੇ ਦੇ ਮੱਦੇਨਜ਼ਰ ਆਕਸੀਜਨ ਉਤਪਾਦਨ ਸਮਰੱਥਾ ਵਿੱਚ ਵਾਧਾ ਕੀਤਾ ਹੈ। ਇਸ ਦੌਰਾਨ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਕੋਈ ਵੀ ਫੈਕਟਰੀ ਸਿਲੰਡਰ ਦੇਣ ਲਈ ਉਨ੍ਹਾਂ ਨਾਲ 83901-00001 ’ਤੇ ਸੰਪਰਕ ਕਰ ਸਕਦੀ ਹੈ ਅਤੇ ਉਨ੍ਹਾਂ ਦੱਸਿਆ ਕਿ ਸਿਲੰਡਰਾਂ ਦਾ ਸਾਰਾ ਸਟਾਕ ਰੱਖਿਆ ਜਾ ਰਿਹਾ ਹੈ ਤੇ ਮਹਾਮਾਰੀ ਖਤਮ ਹੋਣ ’ਤੇ ਇਹ ਸਿਲੰਡਰ ਵਾਪਸ ਕਰ ਦਿੱਤੇ ਜਾਣਗੇ।