ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਮਈ
ਇਸ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਆਈਆਰਐਸ ਪੰਕਜ ਕੁਮਾਰ ਨੇ ਸ਼ਨਿੱਚਰਵਾਰ ਰਾਤ ਵੇਲੇ ਸਟੈਟਿਕ ਸਰਵੀਲੈਂਸ ਟੀਮਾਂ (ਐਸਐਸਟੀ) ਵੱਲੋਂ ਲਾਏ ਨਾਕਿਆਂ ਦਾ ਨਿਰੀਖਣ ਕੀਤਾ। ਖਰਚਾ ਨਿਗਰਾਨ ਕਰੀਬ ਚਾਰ ਘੰਟੇ ਫੀਲਡ ਵਿੱਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਕੇਂਦਰੀ, ਪੂਰਬੀ, ਆਤਮ ਨਗਰ ਅਤੇ ਦੱਖਣੀ ਵਿਧਾਨ ਸਭਾ ਹਲਕਿਆਂ ਦਾ ਨਿਰੀਖਣ ਕੀਤਾ। ਉਨ੍ਹਾਂ ਵੱਲੋ ਘੰਟਾ ਘਰ, ਨੇੜੇ ਬਾਬਾ ਥਾਨ ਸਿੰਘ ਚੌਕ, ਵਰਧਮਾਨ ਚੌਕ ਨੇੜੇ ਗਰੀਨ ਲੈਂਡ ਸਕੂਲ ਦੇ ਬਾਹਰ, ਸੈਕਟਰ 32, ਏਟੀਆਈ ਚੌਕ, ਪ੍ਰਤਾਪ ਚੌਕ, ਕੁਆਲਿਟੀ ਚੌਕ ਸਮੇਤ ਹੋਰ ਖੇਤਰਾਂ ਵਿੱਚ ਐਸਐਸਟੀ ਨਾਕਿਆਂ ਦਾ ਨਿਰੀਖਣ ਕੀਤਾ ਗਿਆ।
ਸ੍ਰੀ ਪੰਕਜ ਨੇ ਕਿਹਾ ਕਿ ਐਸਐਸਟੀਜ਼ ਨੂੰ ਸਾਰੇ ਛੋਟੇ ਅਤੇ ਵੱਡੇ ਵਾਹਨਾਂ ਦੀ ਚੈਕਿੰਗ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਨਗਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਆਦਿ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ ਜਿਸ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਟੀਮਾਂ ਦੀ ਅਗਵਾਈ ਕਾਰਜਕਾਰੀ ਮੈਜਿਸਟ੍ਰੇਟ ਸ਼ਕਤੀਆਂ ਵਾਲੇ ਅਫਸਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਅਧਾਰ ’ਤੇ ਆਪਣੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਪੁਲੀਸ ਅਧਿਕਾਰੀ ਅਤੇ ਵੀਡੀਓਗ੍ਰਾਫਰ ਸ਼ਾਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਨਕਦੀ, ਸ਼ਰਾਬ ਆਦਿ ਤੋਂ ਇਲਾਵਾ ਐਸ.ਐਸ.ਟੀ ਟੀਮਾਂ ਨੂੰ ਖਪਤਕਾਰ ਵਸਤਾਂ ਜਿਵੇਂ ਭਾਂਡੇ, ਕੱਪੜਿਆਂ ਆਦਿ ਦੀ ਵਿਕਰੀ ਅਤੇ ਢੋਆ-ਢੁਆਈ ’ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ, ਜਿਸ ਦੀ ਵਰਤੋਂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾ ਸਕਦੀ ਹੈ। ਲੁਧਿਆਣਾ ਦੇ ਹਰੇਕ ਵਿਧਾਨ ਸਭਾ ਹਲਕੇ ਲਈ 9 ਸਟੈਟਿਕ ਸਰਵੀਲੈਂਸ ਟੀਮਾਂ (ਐਸ ਐਸ ਟੀ) ਨਿਯੁਕਤ ਕੀਤੀਆਂ ਗਈਆਂ ਹਨ।