ਦੇਵਿੰਦਰ ਸਿੰਘ ਜੱਗੀ
ਪਾਇਲ, 10 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਿੰਡ ਈਸੜੂ ਵਿੱਚ ਉਸਾਰੀ ਅਧੀਨ ਸ਼ਹੀਦ ਮਾਸਟਰ ਕਰਨੈਲ ਸਿੰਘ ਲਾਇਬ੍ਰੇਰੀ ਦਾ ਜਾਇਜ਼ਾ ਲਿਆ, ਜਿਸ ਦਾ ਉਦਘਾਟਨ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾਾ।
ਡੀਸੀ ਨੇ ਕਿਹਾ ਕਿ ਇਸ ਲਾਇਬਰੇਰੀ ਵਿੱਚ ਪਿੰਡ ਦੇ ਬੱਚੇ ਕਿਤਾਬਾਂ ਪੜ੍ਹ ਕੇ ਦੁਨੀਆ ਭਰ ਦਾ ਗਿਆਨ ਪ੍ਰਾਪਤ ਕਰ ਸਕਣਗੇ ਅਤੇ ਪਿੰਡ ਈਸੜੂ ਅੰਦਰ ਸਾਹਿਤ ਦਾ ਪਸਾਰ ਹੋਣ ਕਾਰਨ ਨੌਜਵਾਨ ਪੀੜ੍ਹੀ ਦੇ ਮਨਾਂ ’ਚ ਨਵੇਂ ਸੁਪਨੇ ਪੈਦਾ ਹੋਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਲਾਇਬ੍ਰੇਰੀ ਨੂੰ ਪਿੰਡ ਈਸੜੂ ਵਿੱਚ ਲੋਕ ਅਰਪਣ ਕਰਨ ਦਾ ਮਨੋਰਥ ਪਿੰਡ ਵਾਸੀਆਂ ਨੂੰ ਸਾਹਿਤਕ ਚੇਟਕ ਲਗਾਉਣਾ ਹੈ। ਇਸ ਮੌਕੇ ਉਨ੍ਹਾਂ ਆਦਮ ਕੱਦ ਬੁੱਤ ਵਾਲੀ ਜਗ੍ਹਾ ਦਾ ਵੀ ਮੁਆਇਨਾ ਕੀਤਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇੱਕ ਪ੍ਰੈਸ ਨੂੰ ਵੀ ਸੰਬੋਧਨ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ, ਐੱਸਪੀ ਤਰੁਨ ਰਤਨ, ਡੀਐੱਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀਪੀਆਰਓ ਪੁਨੀਤਪਾਲ ਸਿੰਘ ਗਿੱਲ, ਏਪੀਆਰਓ ਗੁਰਮੁੱਖ ਸਿੰਘ ਭੁਮੱਦੀ, ਐੱਸਐੱਚਓ ਸਦਰ ਹਰਦੀਪ ਸਿੰਘ, ਕੋਆਰਡੀਨੇਟਰ ਜਗਤਾਰ ਸਿੰਘ ਰਤਨਹੇੜੀ, ਮਾ. ਰਾਮ ਸਿੰਘ, ਪ੍ਰਧਾਨ ਜਤਿੰਦਰਜੋਤ ਸਿੰਘ ਜੋਤੀ, ਪ੍ਰਧਾਨ ਸੁਰਿੰਦਰ ਸਿੰਘ ਕੋਠੇ, ਚਰਨਜੀਤ ਸਿੰਘ ਈਸੜੂ, ਨੰਬਰਦਾਰ ਹਾਕਮ ਸਿੰਘ ਨਸਰਾਲੀ ਅਤੇ ਰੀਡਰ ਜਸਵੀਰ ਸਿੰਘ ਹਾਜ਼ਰ ਸਨ।