ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਕਤੂਬਰ
ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਛੱਡਣ ਅਤੇ ਤਿੰਨ ਕਿੱਲੋ ਅਫੀਮ ਖੁਰਦ ਬੁਰਦ ਕਰਨ ਦੇ ਦੋਸ਼ ’ਚ ਘਿਰੀ ਅਤੇ ਨਾਮਜ਼ਦ ਕੀਤੀ ਗਈ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਨਾਤਾ ਰਿਹਾ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਲੁਧਿਆਣਾ ਵਿੱਚ ਤਾਇਨਾਤੀ ਦੌਰਾਨ ਵੀ ਕਈ ਵਾਰ ਚਰਚਾ ਵਿੱਚ ਆ ਚੁੱਕੀ ਹੈ ਪਰ ਉੱਚ ਅਧਿਕਾਰੀਆਂ ਦੀ ਸੂਝ-ਬੂਝ ਕਾਰਨ ਹਰ ਵਾਰ ਮਾਮਲਾ ਸ਼ਾਂਤ ਹੋ ਜਾਂਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਹ ਪਹਿਲੀ ਕੋਰੋਨਾ ਵਾਰੀਅਰ ਵਜੋਂ ਬੀਮਾਰ ਹੋਈ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀਡੀਓ ਕਾਲ ਕਰ ਕੇ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਸੀ। ਬਤੌਰ ਸਬ-ਇੰਸਪੈਕਟਰ ਲੁਧਿਆਣਾ ਵਿੱਚ ਤਾਇਨਾਤ ਰਹਿਣ ਮਗਰੋਂ ਉਸ ਦੀ ਬਦਲੀ ਹੋ ਗਈ ਤੇ ਤਰੱਕੀ ਹੋਣ ਤੋਂ ਬਾਅਦ ਮੁੜ ਲੁਧਿਆਣਾ ਤਾਇਨਾਤ ਕਰ ਦਿੱਤਾ ਗਿਆ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ, ਥਾਣਾ ਬਸਤੀ ਜੋਧੇਵਾਲ, ਥਾਣਾ ਡਵੀਜ਼ਨ 2 ਵਿੱਚ ਤਾਇਨਾਤ ਰਹੀ ਹੈ। ਜਦੋਂ ਉਹ ਕੋਰੋਨਾ ਦਾ ਸ਼ਿਕਾਰ ਹੋਈ ਤਾਂ ਉਹ ਬਸਤੀ ਜੋਧੇਵਾਲ ਥਾਣੇ ਵਿੱਚ ਤਾਇਨਾਤ ਸੀ। ਉਸ ਤੋਂ ਬਾਅਦ ਸਲੇਮ ਟਾਬਰੀ ਅਤੇ ਫਿਰ ਥਾਣਾ ਡਿਵੀਜ਼ਨ 2 ਵਿੱਚ ਤਾਇਨਾਤ ਕੀਤਾ ਗਿਆ। ਅਰਸ਼ਪ੍ਰੀਤ ਕੌਰ ਗਰੇਵਾਲ ’ਤੇ ਸ਼ਾਹਪੁਰ ਰੋਡ ’ਤੇ ਜੂਏ ਦੇ ਅੱਡੇ ’ਤੇ ਛਾਪਾਮਾਰੀ ਕਰ ਕੇ ਰਕਮ ਗਾਇਬ ਕਰਨ ਦੇ ਦੋਸ਼ ਲੱਗੇ ਸਨ, ਪਰ ਬਾਅਦ ’ਚ ਮਾਮਲੇ ਨੂੰ ਦਬਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਹੋਟਲ ’ਤੇ ਛਾਪਾ ਮਾਰਿਆ ਗਿਆ ਤਾਂ ਉੱਥੇ ਵੀ ਰਿਸ਼ਵਤ ਲੈਣ ਦਾ ਦੋਸ਼ ਲੱਗਿਆ। ਉਸ ਸਮੇਂ ਵੀ ਮਾਮਲਾ ਖੁਰਦ-ਬੁਰਦ ਹੋ ਗਿਆ। ਗੌਰਤਲਬ ਹੈ ਕਿ ਅਰਸ਼ਪ੍ਰੀਤ ਦੇ ਪਿਤਾ ਵੀ ਪੰਜਾਬ ਪੁਲੀਸ ਵਿੱਚ ਤਾਇਨਾਤ ਸਨ ਤੇ ਕਈ ਅਫਸਰਾਂ ਨਾਲ ਕੰਮ ਕਰ ਚੁੱਕੇ ਹਨ। ਇਸ ਕਰਕੇ ਵੀ ਅਰਸ਼ਪ੍ਰੀਤ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਦਾ ਰਿਹਾ ਹੈ। ਕੋਰੋਨਾ ਕਾਲ ਦੌਰਾਨ ਬਹੁਤ ਵਧੀਆ ਕੰਮ ਕੀਤਾ ਤਾਂ ਉਹ ਕੋਰੋਨਾ ਦੀ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।