ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਇਕ ਵਿਅਕਤੀ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਦੋਸ਼ ਹੇਠ ਇਰਾਦਾ-ਏ ਕਤਲ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੱਖੋਵਾਲ ਰੋਡ ਸਥਿਤ ਓਮੈਕਸ ਫਲੈਟਸ ਵਾਸੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ ’ਤੇ ਪੱਖੋਵਾਲ ਰੋਡ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਫਲਾਵਰ ਐਨਕਲੇਵ ਚੌਕ ਨੇੜੇ ਸਵਿਫਟ ਕਾਰ ਵਿੱਚ ਸਵਾਰ ਮਿੰਟੂ ਗਰੇਵਾਲ, ਰਵੀ ਸੇਖੋਂ, ਤਨਵੀਰ ਸਿੰਘ ਧਾਲੀਵਾਲ, ਅਮਿਤ ਕੁਮਾਰ ਅਤੇ ਇਕ ਹੋਰ ਨਾਮਲੂਮ ਵਿਅਕਤੀ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ ਸਵਿਫਟ ਕਾਰ ਇਨੋਵਾ ਪਿੱਛੇ ਲਗਾ ਕੇ ਦੋ ਫਾਇਰ ਕੀਤੇ ਜਿਸ ਵਿੱਚ ਉਹ ਬਚ ਗਿਆ ਅਤੇ ਗੱਡੀ ਭਜਾ ਕੇ ਓਮੈਕਸ ਫਲੈਟਸ ਲੈ ਆਇਆ। ਇਸ ਦੌਰਾਨ ਕਾਰ ਵਿੱਚ ਸਵਾਰ ਸਾਰੇ ਫ਼ਰਾਰ ਹੋ ਗਏ। -ਨਿੱਜੀ ਪੱਤਰ ਪ੍ਰੇਰਕ