ਸਤਵਿੰਦਰ ਬਸਰਾ
ਲੁਧਿਆਣਾ, 7 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ ਸੀਜਨ- 3’ ਅਧੀਨ ਡਾਇਰੈਕਟਰ, ਖੇਡ ਵਿਭਾਗ, ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੇ ਪੰਜ ਬਲਾਕਾਂ- ਮਲੌਦ, ਜਗਰਾਉਂ, ਮਾਛੀਵਾੜਾ, ਪੱਖੋਵਾਲ ਅਤੇ ਐੱਮ.ਸੀ.ਐੱਲ. ਸ਼ਹਿਰੀ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਬਲਾਕ ਮਿਉਂਸੀਪਲ ਕਾਰਪਰੇਸ਼ਨ ਦੇ ਖੇਡ ਮੁਕਾਬਲੇ ਮਲਟੀਪਰਪਜ਼ ਹਾਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਹੋਏ ਜਿੱਥੇ ਹਲਕਾ ਆਤਮ ਨਗਰ ਤੋਂ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਅਤੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਅੰਡਰ- 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ਦੀ ਟੀਮ ਨੇ ਪਹਿਲਾ ਅਤੇ ਕ੍ਰਿਤਾ ਭਾਰਤੀ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ- 14 ਲੜਕੀਆਂ ਦੇ ਮੁਕਾਬਲਿਆਂ ਵਿੱਚ ਇਯਾਲੀ ਕਲਾਂ ਦੀ ਟੀਮ ਨੇ ਪਹਿਲਾ ਅਤੇ ਬੀਵੀਐੱਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ ਅੰਡਰ- 17 ਲੜਕੀਆਂ ਦੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਧਰੁਵਿਕਾ ਨੇ ਪਹਿਲਾ, ਜੰਨਤ ਨੇ ਦੂਜਾ ਅਤੇ ਅਨੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 100 ਮੀਟਰ ਦੌੜ ਮੁਕਾਬਲੇ ਵਿੱਚ ਅਮਾਨਤ ਸਿੱਧੂ ਨੇ ਪਹਿਲਾ, ਹਨਾ ਸਾਰੰਗਲ ਨੇ ਦੂਜਾ ਅਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ ਗਰੁੱਪ ਵਿੱਚ ਅਨਮੋਲਦੀਪ ਕੌਰ ਨੇ ਪਹਿਲਾ, ਰੌਣਕਪ੍ਰੀਤ ਕੌਰ ਨੇ ਦੂਜਾ ਅਤੇ ਧਰਿਤੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ ਦੇ ਅੰਡਰ- 17 ਸ਼ਾਟਪੁੱਟ ਮੁਕਾਬਲੇ ਵਿੱਚ ਅੰਸ਼ਪ੍ਰੀਤ ਸਿੰਘ, ਬਿਸਮਨਜੋਤ ਸਿੰਘ ਅਤੇ ਅਮਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਅੰਡਰ- 21 ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀਵੀਐੱਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਾਛੀਵਾੜਾ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਬਲਾਕ ਪੱਖੋਵਾਲ ਦੇ ਖੇਡ ਸਟੇਡੀਅਮ ਲਤਾਲਾ, ਬਲਾਕ ਜਗਰਾਉਂ ਦੇ ਖੇਡ ਸਟੇਡੀਅਮ ਪਿੰਡ ਭੰਮੀਪੁਰਾ ਨੇੜੇ ਦਾਣਾ ਮੰਡੀ, ਬਲਾਕ ਮਲੌਦ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆੜ ਵਿੱਚ ਕਰਵਾਏ ਗਏ।
ਇਸੇ ਤਰ੍ਹਾਂ ਗੁਰੂ ਨਾਨਕ ਸਟੇਡੀਅਮ ਦੇ ਮੁਕਾਬਲਿਆਂ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਸਟੇਟ ਸਪੋਰਟਸ ਸਕੱਤਰ ਪ੍ਰਦੀਪ ਅੱਪੂ, ਸਪੋਰਟਸ ਕੋ-ਆਰਡੀਨੇਟਰ ਸਿੱਖਿਆ ਵਿਭਾਗ ਕੁਲਵੀਰ ਸਿੰਘ ਮਾਨ, ਖੇਡ ਵਿਭਾਗ ਦੇ ਨੋਡਲ ਅਫ਼ਸਰ ਸੰਜੀਵ ਸ਼ਰਮਾ ਅਥਲੈਟਿਕਸ ਕੋਚ, ਬਲਾਕ ਕਨਵੀਨਰ ਪ੍ਰਵੀਨ ਠਾਕੁਰ, ਬਲਾਕ ਕੋ-ਕਨਵੀਨਰ ਸਲੋਨੀ, ਅਰੁਣਜੀਤ ਕੌਰ, ਗੁਰਜੀਤ ਸਿੰਘ ਅਤੇ ਮਿਸ ਪ੍ਰਿਆ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।