ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਅਗਸਤ
ਪਿੰਡ ਘੁਮਾਣ ਦੇ ਨਾਲ ਲੱਗਦੀ ਸੁਧਾਰ ਪਿੰਡ ਦੀ ਜੂਹ ਵਿਚ ਲੱਖਾਂ ਰੁਪਇਆਂ ਦੀਆਂ ਪਈਆਂ ਹਜ਼ਾਰਾਂ ਇੰਟਰਲੌਕ ਟਾਈਲਾਂ ਪਿਛਲੇ ਕਈ ਦਿਨਾਂ ਤੋਂ ਆਪਣੇ ਮਾਲਕ ਦੀ ਉਡੀਕ ਵਿਚ ਹਨ। ਪਿੰਡ ਸੁਧਾਰ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਇਸ ਵਿਵਾਦ ਬਾਰੇ ਕੁਝ ਵੀ ਨਹੀਂ ਜਾਣਦੇ ਪਰ ਉਨ੍ਹਾਂ ਇਹ ਸਪਸ਼ਟ ਕੀਤਾ ਕਿ ਇਹ ਇੰਟਰਲੌਕ ਟਾਈਲਾਂ ਦਾ ਪਿੰਡ ਸੁਧਾਰ ਦੀ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੈ। ਦੂਜੇ ਪਾਸੇ ਪਿੰਡ ਘੁਮਾਣ ਦੀ ਸਰਪੰਚ ਅਮਰਜੀਤ ਕੌਰ ਅਤੇ ਉਸ ਦੇ ਪਤੀ ਅਤੇ ਜੀਓਜੀ ਕੈਪਟਨ ਹਾਕਮ ਸਿੰਘ ਨੇ ਵੀ ਇਨ੍ਹਾਂ ਇੰਟਰਲੌਕ ਟਾਈਲਾਂ ਦੀ ਖ਼ਰੀਦ ਬਾਰੇ ਪੱਲਾ ਝਾੜਦਿਆਂ ਕਿਹਾ ਕਿ ਇਹ ਤਾਂ ਲਾਗਲੇ ਪਿੰਡ ਸੁਧਾਰ ਦੀ ਜੂਹ ਵਿਚ ਪਈਆਂ ਹਨ। ਉੱਧਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਹੀਰਾ ਸਿੰਘ ਨੇ ਵੀ ਭਾਰੀ ਰਕਮ ਖ਼ਰਚ ਕੇ ਖ਼ਰੀਦੀਆਂ ਇਨ੍ਹਾਂ ਇੰਟਰਲੌਕ ਟਾਈਲਾਂ ਬਾਰੇ ਅਣਜਾਣਤਾ ਪ੍ਰਗਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸੇ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਘੁਮਾਣ ਪਿੰਡ ਦੀ ਸੀਵਰੇਜ ਲਾਈਨ ਨਾਲ ਕੁਨੈਕਸ਼ਨ ਜੋੜਨ ਦੇ ਮੁੱਦੇ ਉੱਪਰ ਕਾਫ਼ੀ ਤਲਖ਼ੀ ਵਾਲਾ ਮਹੌਲ ਬਣਿਆ ਰਿਹਾ ਸੀ ਅਤੇ ਇਸ ਸਬੰਧੀ ਘੁਮਾਣ ਵਾਸੀ ਲੋਕਾਂ ਅਤੇ ਪੰਚਾਇਤ ਨੇ ਆਪਣਾ ਰੋਸ ਦਰਜ ਕਰਾਉਣ ਲਈ ਥਾਣਾ ਸੁਧਾਰ ਅਤੇ ਬਲਾਕ ਵਿਕਾਸ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਸੀ ਪਰ ਹਾਲੇ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਪਰ ਹੁਣ ਇਨ੍ਹਾਂ ਹਜ਼ਾਰਾਂ ਟਾਈਲਾਂ ਦਾ ਮਾਮਲਾ ਇਕ ਬੁਝਾਰਤ ਬਣਦਾ ਜਾ ਰਿਹਾ ਹੈ।