ਗਗਨਦੀਪ ਅਰੋੜਾ
ਲੁਧਿਆਣਾ, 20 ਅਕਤੂਬਰ
ਸਮਰਾਲਾ ਰੋਡ ’ਤੇ ਇੱਕ ਡਾਕ ਪਾਰਸਲ ਟਰੱਕ ਨੇ ਸਮਰਾਲਾ ਚੌਕ ਤੋਂ ਲੈ ਕੇ ਬੈਜ਼ਮਿਨ ਰੋਡ ਤੱਕ ਕਈ ਵਾਹਨਾਂ ਨੂੰ ਟੱਕਰ ਮਾਰੀ ਤੇ ਅੱਗੇ ਵੱਧਦਾ ਗਿਆ। ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਇਸ ’ਤੇ ਕਾਬੂ ਨਾ ਪਾ ਸਕਿਆ ਅਤੇ ਉਸ ਦੇ ਰਾਹ ਵਿੱਚ ਜੋ ਆਉਂਦਾ ਗਿਆ, ਉਹ ਉਸ ਨੂੰ ਟੱਕਰ ਮਾਰ ਕੇ ਅੱਗੇ ਨਿਕਲਦਾ ਗਿਆ। ਕਿਸੇ ਤਰ੍ਹਾਂ ਨਾਲ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਿਆ ਤੇ ਕਾਬੂ ਕਰ ਉਸ ਦੀ ਕੁੱਟਮਾਰ ਕੀਤੀ। ਇਸ ਮਗਰੋਂ ਇਸ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਿੱਬਾ ਰੋਡ ਦੇ ਰਹਿਣ ਵਾਲੇ ਫੋਟੋਗ੍ਰਾਫ਼ਰ ਰਾਜੂ ਨੇ ਦੱਸਿਆ ਕਿ ਉਹ ਆਪਣੀ ਮਾਂ ਮਨਜੀਤ ਕੌਰ ਦੇ ਨਾਲ ਕਰੇਟਾ ਕਾਰ ’ਚ ਸਵਾਰ ਹੋ ਕੇ ਫਿਰੋਜ਼ਪੁਰ ਰੋਡ ਆਪਣੇ ਘਰ ਜਾ ਰਿਹਾ ਸੀ। ਰਸਤੇ ’ਚ ਕਿਸੇ ਕੰਮ ਲਈ ਰੁਕਿਆ ਤਾਂ ਉਸ ਨੇ ਗੱਡੀ ਸਾਈਡ ’ਤੇ ਲਾ ਦਿੱਤੀ। ਇੰਨੇ ਨੂੰ ਗਲਤ ਦਿਸ਼ਾ ’ਚੋਂ ਆ ਰਹੇ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਰਾਜੂ ਅਨੁਸਾਰ ਕਿਸੇ ਤਰ੍ਹਾਂ ਉਸ ਨੇ ਆਪਣਾ ਅਤੇ ਮਾਂ ਮਨਜੀਤ ਕੌਰ ਦਾ ਬਚਾਅ ਕੀਤਾ। ਟਰੱਕ ਚਾਲਕ ਨੂੰ ਰੋਕਣ ਲਈ ਰਾਜੂ ਨੇ ਆਵਾਜ਼ਾਂ ਵੀ ਮਾਰੀਆਂ ਪਰ ਚਾਲਕ ਤੇਜ਼ ਰਫ਼ਤਾਰ ’ਚ ਟਰੱਕ ਭਜਾ ਕੇ ਲੈ ਗਿਆ। ਦੇਖਦਿਆਂ ਹੀ ਦੇਖਦਿਆਂ ਟਰੱਕ ਚਾਲਕ ਨੇ ਕਈ ਵਾਹਨ ਚਾਲਕਾਂ ਨੂੰ ਟੱਕਰ ਮਾਰੀ ਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨੇ ਇੱਕ ਇਸ਼ਤਿਹਾਰੀ ਪੋਲ ’ਚ ਵੀ ਟੱਕਰ ਮਾਰੀ। ਸ਼ਰਾਬ ਦੇ ਨਸ਼ੇ ’ਚ ਧੁੱਤ ਡਰਾਈਵਰ ਟਰੱਕ ਲੈ ਕੇ ਸੀਐਮਸੀ ਚੌਕ ਤੱਕ ਪੁੱਜ ਗਿਆ। ਇਸ ਤੋਂ ਬਾਅਦ ਮੁਲਜ਼ਮ ਟਰੱਕ ਨੂੰ ਬੈਜ਼ਮਿਨ ਰੋਡ ਵੱਲ ਲੈ ਗਿਆ। ਇੱਥੇ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਭੀੜ ਨੇ ਟਰੱਕ ’ਤੇ ਪੱਥਰਬਾਜ਼ੀ ਕੀਤੀ। ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਨਾ ਦਿੱਤੀ। ਉਧਰ ਥਾਣੇ ਦੇ ਬਾਹਰ ਦੇਰ ਰਾਤ ਲੋਕਾਂ ਦੀ ਭੀੜ ਲੱਗੀ ਰਹੀ। ਪੁਲੀਸ ਨੇ ਮੁਲਜ਼ਮ ਡਰਾਈਵਰ ਨੂੰ ਕਾਬੂ ਕਰ ਲਿਆ। ਥਾਣਾ ਡਵੀਜ਼ਨ ਨੰ. 3 ਦੇ ਐੱਸਐੱਚਓ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸੇ ਵੀ ਪੀੜਤ ਧਿਰ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ। ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਉਹ ਕੁਝ ਆਖ ਸਕਣਗੇ।