ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਅਕਤੂਬਰ
ਸਥਾਨਕ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਵਿਚ ‘ਇਨੋਵੇਟਿਵ ਸਲਿਊਸ਼ਨਜ਼ ਫ਼ਾਰ ਫਿਊਚਰ’ ਵਿਸ਼ੇ ਉੱਪਰ ਕਰਵਾਈ ਗਈ ਕੌਮਾਂਤਰੀ ਬਹੁ-ਅਨੁਸ਼ਾਸਨੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਮਨੁੱਖੀ ਵਿਕਾਸ ਦੇ ਇਤਿਹਾਸ ’ਤੇ ਨਜ਼ਰ ਮਾਰਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਹੁਣ ਤੱਕ ਦਾ ਮਨੁੱਖੀ ਵਿਕਾਸ ਖੋਜਾਂ ਦਾ ਹੀ ਇਤਿਹਾਸ ਹੈ। ਪਹੀਏ ਅਤੇ ਅੱਗ ਵਰਗੀਆਂ ਆਰੰਭਕ ਖੋਜਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਖੋਜਾਂ ਨੇ ਮਨੁੱਖੀ ਜੀਵਨ ਨੂੰ ਹੈਰਾਨੀਜਨਕ ਹੱਦ ਤੱਕ ਬਦਲ ਕੇ ਰੱਖ ਦਿੱਤਾ ਹੈ।
ਕਾਨਫਰੰਸ ਵਿਚ ਵੱਖ-ਵੱਖ ਸੂਬਿਆਂ ਤੋਂ 100 ਤੋਂ ਵਧੇਰੇ ਡੈਲੀਗੇਟਾਂ ਨੇ ਭਾਗ ਲਿਆ ਅਤੇ ਕਾਨਫਰੰਸ ਵਿਚ 62 ਵਿਦਵਾਨਾਂ ਅਤੇ ਖੋਜਾਰਥੀਆਂ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਮੁੱਖ-ਮਹਿਮਾਨ ਸਣੇ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਵਿਦਵਾਨਾਂ, ਖ਼ੋਜੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਵਿਸ਼ੇ ਉੱਪਰ ਹੋ ਰਹੀ ਕਾਨਫਰੰਸ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿਚ ਪੰਜਾਬ ਸਮੇਤ ਗੋਆ, ਕੇਰਲਾ, ਉੱਤਰ-ਪ੍ਰਦੇਸ਼ ਆਦਿ ਸੂਬਿਆਂ ਤੋਂ ਪਹੁੰਚੇ ਵਿਦਵਾਨ ਵੀ ਆਪਣੇ ਖੋਜ-ਪੱਤਰ ਪੇਸ਼ ਕਰਨਗੇ।
ਕਾਨਫਰੰਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥ-ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਜੋਗਿੰਦਰ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਨੁੱਖ ਦਾ ਯਤਨ ਹਮੇਸ਼ਾ ਹੀ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸੰਵਾਰਨ ਦਾ ਰਿਹਾ ਹੈ। ਮਨੁੱਖ ਨੇ ਆਪਣੇ ਵਰਤਮਾਨ ਨਾਲੋਂ ਭਵਿੱਖ ਨੂੰ ਵਧੇਰੇ ਮਹੱਤਵ ਦਿੱਤਾ ਹੈ। ਉਨ੍ਹਾਂ ਮਨੁੱਖੀ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਆ ਰਹੀਆਂ ਤਬਦੀਲੀਆਂ ਦੇ ਪ੍ਰਸੰਗ ਵਿਚ ਭਵਿੱਖ ਦੀ ਜੀਵਨ-ਜਾਚ ਦਾ ਨਕਸ਼ਾ ਉਲੀਕਣ ਦੀ ਵੀ ਕੋਸ਼ਿਸ਼ ਕੀਤੀ। ਇਸ ਮੌਕੇ ਹੁਸ਼ਿਆਰਪੁਰ ਵਿਚ ਭੋਜਨ ਸਾਇੰਸ ਵਿੱਚ ਨਵਾਂ ਵਪਾਰ ਸ਼ੁਰੂ ਕਰਨ ਵਾਲੇ ਉੱਦਮੀ ਨੌਜਵਾਨ ਕੌਸ਼ਲ ਸਿੰਘ ਨੇ ਆਪਣੀ ਕਾਮਯਾਬੀ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਆਪਣਾ ਵਪਾਰ ਸ਼ੁਰੂ ਕਰਨ ਲਈ ਪ੍ਰੇਰਿਆ।