ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 13 ਅਕਤੂਬਰ
ਪਿੰਡ ਨੂਰਪੁਰਾ ਦੀ ਸਰਪੰਚ ਚਰਨਜੀਤ ਕੌਰ ਵੱਲੋਂ ਅੱਧਾ ਏਕੜ ਪੰਚਾਇਤੀ ਜ਼ਮੀਨ ਵਿੱਚੋਂ ਕਈ ਫੁੱਟ ਮਿੱਟੀ ਚੁੱਕ ਕੇ ਖ਼ੁਰਦ-ਬੁਰਦ ਕਰਨ ਦੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਪੇਂਡੂ ਵਿਕਾਸ ਵਿਭਾਗ ਨੂੰ ਨਿਯਮਾਂ ਅਨੁਸਾਰ ਜਾਂਚ ਕਰ ਕੇ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਪਰਮਿੰਦਰ ਸਿੰਘ ਲੋਹਟ ਨੇ ਦੱਸਿਆ ਕਿ ਸਰਪੰਚ ਚਰਨਜੀਤ ਕੌਰ ਨੂੰ ਲਿਖਤੀ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਵਾਬ ਮਿਲਣ ਮਗਰੋਂ ਜੂਨੀਅਰ ਇੰਜਨੀਅਰ ਦੀ ਅਗਵਾਈ ਹੇਠ ਟੀਮ ਦਾ ਗਠਨ ਕਰ ਕੇ ਪੰਚਾਇਤੀ ਜ਼ਮੀਨ ਦੀ ਪੈਮਾਇਸ਼ ਵੀ ਕਰਵਾਈ ਜਾਵੇਗੀ। ਉਨ੍ਹਾਂ ਪੁਸ਼ਟੀ ਕੀਤੀ ਕਿ ਮਾਮਲਾ ਵਿਭਾਗ ਦੇ ਉੱਚ-ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਜਾਂਚ ਬਾਅਦ ਰਿਪੋਰਟ ਉੱਚ-ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਪਿੰਡ ਨੂਰਪੁਰਾ ਦੀ ਪੰਚਾਇਤੀ ਜ਼ਮੀਨ ਵਿਚੋਂ ਮਿੱਟੀ ਪੁੱਟਣ ਦੇ ਮਾਮਲੇ ਦੀ ਖ਼ਬਰ ਪੰਜਾਬੀ ਟ੍ਰਿਬਿਊਨ ਵੱਲੋਂ ਪੁਖ਼ਤਾ ਢੰਗ ਨਾਲ ਪ੍ਰਕਾਸ਼ਿਤ ਕੀਤੀ ਸੀ। ਖ਼ਬਰ ਛਪਣ ਬਾਅਦ ਕਥਿਤ ਤੌਰ ’ਤੇ ਸਰਪੰਚ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਵੱਲੋਂ ਕੁਝ ਟਰੈਕਟਰਾਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਆਸ-ਪਾਸ ਤੋਂ ਮਿੱਟੀ ਖਿੱਚ ਕੇ ਟੋਏ ਭਰਨ ਦਾ ਯਤਨ ਵੀ ਕੀਤਾ ਗਿਆ ਸੀ।
ਬੀਡੀਪੀਓ ਪਰਮਿੰਦਰ ਸਿੰਘ ਲੋਹਟ ਅਨੁਸਾਰ ਮਿੱਟੀ ਕੱਢਣ ਅਤੇ ਮੁੜ ਪਾਉਣ ਦਾ ਮਾਮਲਾ ਜਾਂਚ ਦੇ ਘੇਰੇ ਵਿੱਚ ਹੈ। ਉੱਧਰ ਪਿੰਡ ਦੇ ਅਨੁਸੂਚਿਤ ਜਾਤੀ ਪੰਚ ਬਹਾਦਰ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੇਂਡੂ ਵਿਕਾਸ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਸਬੂਤਾਂ ਸਮੇਤ ਲਿਖਤੀ ਸ਼ਿਕਾਇਤ ਕੀਤੀ ਗਈ ਹੈ।
ਪੰਚ ਬਹਾਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਪੰਚ ਚਰਨਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਸ਼ਿਕਾਇਤ ਪੁਲੀਸ ਅਧਿਕਾਰੀਆਂ ਨੂੰ ਵੀ ਕਰਨਗੇ।