ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਇਨਕਲਾਬੀ ਕੇਂਦਰ ਪੰਜਾਬ (ਇਕਾਈ ਲੁਧਿਆਣਾ) ਦੀ ਮੀਟਿੰਗ ਦੌਰਾਨ 17 ਨਵੰਬਰ ਨੂੰ ਪਿੰਡ ਸਰਾਭਾ ਵਿੱਚ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਸਮਾਗਮ ’ਚ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ। ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਹੋਈ ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ’ਤੇ 26 ਨਵੰਬਰ ਨੂੰ ਭਾਜਪਾ ਦੀ ਕੇਂਦਰ ਸਰਕਾਰ ਦੇ ਵਤੀਰੇ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਗੱਲਬਾਤ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਲੁਟੇਰੇ ਰਾਜ ਪ੍ਰਬੰਧ ਦੀ ਉਮਰ ਹੋਰ ਲੰਮੀ ਕਰਨ ਲਈ ਜੁਟੀਆਂ ਸਿਆਸੀ ਪਾਰਟੀਆਂ ਨੇ ਪਿਛਲੀ ਪੌਣੀ ਸਦੀ ਦੇ ਰਾਜ ਪ੍ਰਬੰਧ ਦੌਰਾਨ ਦੇਸ਼ ਦੇ ਕਮਾਊ ਅਦਾਰਿਆਂ ਨੂੰ ਵੱਡੇ ਪੂੰਜੀਪਤੀਆਂ/ਕਾਰਪੋਰੇਟਾਂ ਕੋਲ ਵੇਚਣ ਦੇ ਰਾਹ ਪੱਧਰੇ ਕੀਤੇ ਹਨ। ਇਸੇ ਕਰਕੇ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਭੁੱਖ ਮਰੀ ਦੇ ਅੰਕੜੇ ਹਰ ਸਾਲ ਵਧ ਰਹੇ ਹਨ। ਇਸ ਸਬੰਧੀ ਇਨਕਲਾਬੀ ਕੇਂਦਰ ਵੱਲੋਂ ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਉਪਰਾਲੇ ਤੇਜ਼ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਸਤੀਸ਼ ਸੱਚਦੇਵਾ , ਮੋਹਨ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਸਤਨਾਮ ਸਿੰਘ, ਵਿਨੋਦ ਕੁਮਾਰ, ਰਜਿੰਦਰ ਸਿੰਘ, ਮਾਸਟਰ ਸੁਰਜੀਤ ਸਿੰਘ, ਹਰਸਾ ਸਿੰਘ, ਮੈਡਮ ਮਧੂ ਅਤੇ ਹਰਜਿੰਦਰ ਕੌਰ ਸ਼ਾਮਲ ਸਨ।
ਸਰਾਭਾ ਨੂੰ ਸਮਰਪਿਤ ਸਮਾਗਮ 17 ਨੂੰ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਬਲਾਕ ਪੱਖੋਵਾਲ ਦੇ ਕਨਵੀਨਰ ਕੁਲਦੀਪ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਗ਼ਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 17 ਨਵੰਬਰ ਨੂੰ ਪਿੰਡ ਸਰਾਭਾ ਵਿਚ ਕੀਤਾ ਜਾਵੇਗਾ। ਸਮਾਗਮ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਕਿਸਾਨ ਆਗੂ ਬਲਰਾਜ ਸਿੰਘ ਹਲਵਾਰਾ, ਬਲਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਸਰਾਭਾ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ ਜਾਵੇਗੀ।