ਪੱਤਰ ਪ੍ਰੇਰਕ
ਸਮਰਾਲਾ, 22 ਮਾਰਚ
ਸ਼ਹੀਦ ਭਗਤ ਸਿੰਘ, ਰਾਜਗੂਰੂ ਅਤੇ ਸ਼ਹੀਦ ਸੁਖਦੇਵ ਦੇ 90ਵੇਂ ਸ਼ਹੀਦੀ ਦਿਵਸ ਮੌਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ 21 ਮਾਰਚ ਨੂੰ ਸੁਨਾਮ ਤੋਂ ਖਟਕੜ ਕਲਾਂ ਤੱਕ ਸ਼ੁਰੂ ਹੋਏ ਚੇਤਨਾ ਮਾਰਚ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਅੱਜ ਇਥੇ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਲੇਟ ਫਾਰਮ (ਆਈ.ਡੀ.ਪੀ) ਦਾ ਇਕ ਵਫ਼ਦ ਪੁੱਜਿਆ ਅਤੇ ਆਪਣੇ ਵਿਚਾਰ ਲੋਕਾਂ ਅੱਗੇ ਰੱਖੇ। ਇਸ ਵਫ਼ਦ ਦੀ ਅਗਵਾਈ ਕਰ ਰਹੇ ਸੰਗਠਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਬੂਹੀ ਨੇ ਆਖਿਆ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਾਜ਼ਿਸ਼ਾਂ ਰਾਹੀਂ ਆਰਥਿਕ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ। ਜਦਕਿ ਕਿਸਾਨ ਅਤੇ ਹੋਰ ਲੋਕ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦਾਅ ’ਤੇ ਲਾਕੇ ਮਹੀਨਿਆਂ ਤੋਂ ਸੰਘਰਸ਼ ਲੜ ਰਹੇ ਹਨ।