ਗੁਰਿੰਦਰ ਸਿੰਘ
ਲੁਧਿਆਣਾ, 16 ਸਤੰਬਰ
ਮਿੱਲਤ-ਏ-ਇਸਲਾਮੀਆ ਕਮੇਟੀ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੀ ਯਾਦ ਵਿੱਚ 12 ਵਫਾਤ ਦੇ ਇਤਿਹਾਸਕ ਦਿਨ ਮੌਕੇ ਗਣੇਸ਼ ਨਗਰ, ਜਨਕਪੁਰੀ ਵਿੱਚ ਸੀਰਤ-ਉਨ-ਨਬੀ ਜਲਸਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਕੁੱਝ ਫ਼ਿਰਕੂ ਤਾਕਤਾਂ ਵੱਲੋਂ ਇਸਲਾਮ ਧਰਮ ਨੂੰ ਅਤਿਵਾਦ ਨਾਲ ਜੋੜਨਾ ਗਲਤ ਹੀ ਨਹੀਂ ਬਲਕਿ ਨਿੰਦਣਯੋਗ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅੱਲ੍ਹਾ ਤਾਅਲਾ ਨੇ ਕੁਰਾਨ ਸ਼ਰੀਫ਼ ਵਿੱਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਇਸ ਮੌਕੇ ਸਿਕੰਦਰ ਸ਼ੇਖ, ਫਰਿਆਦ ਸ਼ੇਖ, ਮਹਿਤਾਬ ਸ਼ੇਖ, ਮੌਲਾਨਾ ਨਿਜ਼ਾਮ, ਇਜਾਜ਼ ਅਹਿਮਦ, ਆਲਮਗੀਰ, ਨਜ਼ਰੇਆਲਮ, ਬਬਲੂ ਸ਼ੇਖ, ਮੁਹੰਮਦ ਨਦੀਮ, ਸ਼ਹਿਨਸ਼ਾਹ ਆਲਮ, ਅਸਲਮ ਆਲਮ ਤੇ ਨਿਹਾਲ ਖਾਨ ਮੌਜੂਦ ਸਨ।