ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਦਸੰਬਰ
ਬੇਟ ਇਲਾਕੇ ਦੇ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਪਿੰਡ ਮੱਧੇਪੁਰ ਨਜ਼ਦੀਕ ਮੀਡੀਆ ਨੂੰ ਮਾਈਨਿੰਗ ਵਾਲੀ ਥਾਂ ਦਿਖਾਈ, ਜਿਥੇ ਸਰਕਾਰ ਵੱਲੋਂ ਧੁੱਸੀ ਬੰਨ੍ਹ ਬਣਾਉਣ ਲਈ ਸਟੱਡਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੇਤ ਮਾਫੀਆ ਨੇ ਆਪਣਾ ‘ਧੰਦਾ’ ਚੱਲਦਾ ਰੱਖਣ ਲਈ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਲਗਾ ਕੇ ਸਟੱਡਾਂ ਵੱਲ ਮੋੜ ਦਿੱਤਾ ਹੈ, ਜਿਸ ਨਾਲ ਸਰਕਾਰ ਦੇ ਕਰੋੜਾਂ ਨਾਲ ਕਰਵਾਏ ਕਾਰਜ ਤਬਾਹ ਹੋ ਜਾਣਗੇ ਅਤੇ ਭਵਿੱਖ ’ਚ ਇਹ ਅਣਗਹਿਲੀ ਹੜ੍ਹਾਂ ਦਾ ਕਾਰਨ ਬਣੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਨੇ ਸਤਲੁਜ ਦਰਿਆ ਦੇ ਦੋਵੇਂ ਪਾਸੇ ਹੀ ਨਹੀਂ ਕਮਜ਼ੋਰ ਕੀਤੇ, ਸਗੋਂ ਪੁਲ ਦੇ ਹੇਠੋਂ ਵੀ ਖਣਨ ਕਰਕੇ ਖ਼ਤਰਾ ਪੈਦਾ ਕੀਤਾ ਹੈ। ਦਰਿਆ ’ਚੋਂ ਰੇਤਾ ਕੱਢਦੀਆਂ ਮਸ਼ੀਨਾਂ ਦਿਖਾਉਂਦਿਆਂ ਉਨ੍ਹਾਂ ਕੁਦਰਤੀ ਸੋਰਤਾਂ ਦੀ ਲੁੱਟ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਮਾਫੀਆ ਖਤਮ ਕਰਕੇ ਰੇਤ ਸਸਤੇ ਭਾਅ ਮਿਲਣ ਦੇ ਦਾਅਵੇ ਸੱਚ ਨਹੀਂ ਹਨ। ਕਾਂਗਰਸ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਦਿੱਤੀ ਕਥਿਤ ਖੁੱਲ੍ਹ ਕਰਕੇ ਹੀ ਜੰਗਲਾਤ, ਗਰਾਮ ਪੰਚਾਇਤ ਅਤੇ ਸਰਕਾਰ ਦੀ ਜ਼ਮੀਨ ’ਚੋਂ ਥਾਂ-ਥਾਂ ਗੈਰਕਾਨੂੰਨੀ ਖਣਨ ਕਰਕੇ ਅੱਜ ਵੀ ਲੁੱਟ ਮਚਾਈ ਜਾ ਰਹੀ ਹੈ। ਸਾਬਕਾ ਸਰਪੰਚ ਬਲਰਾਜ ਸਿੰਘ ਨੇ ਦੱਸਿਆ ਕਿ ਖੱਡਾਂ ’ਚੋਂ ਪੰਜ ਤੋਂ ਦਸ ਫੁੱਟ ਰੇਤ ਕੱਢਣ ਦੀ ਮਨਜ਼ੂਰੀ ਮਿਲੀ ਹੁੰਦੀ ਹੈ ਪਰ ਰੇਤ ਮਾਫੀਆ ਸੈਂਕੜੇ ਏਕੜ ਸਰਕਾਰੀ ਜ਼ਮੀਨਾਂ ’ਚੋਂ ਰੇਤ ਚੁੱਕ ਰਿਹਾ ਹੈ। ਇਸ ਮੌਕੇ ਭਗਵਾਨ ਸਿੰਘ, ਸ਼ਿੰਦਰਪਾਲ ਸਿੰਘ, ਲਛਮਣ ਸਿੰਘ, ਜੋਗਿੰਦਰ ਸਿੰਘ, ਜਸਵੀਰ ਸਿੰਘ ਸੋਨੂੰ, ਹਰਨੇਕ ਸਿੰਘ ਹਾਜ਼ਰ ਸਨ।
ਉਪਜਾਊ ਜ਼ਮੀਨ ਨੂੰ ਵੀ ਖ਼ਤਰਾ: ਜਮਹੂਰੀ ਕਿਸਾਨ ਸਭਾ
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਜੋ ਬੇਟ ਇਲਾਕੇ ਦੇ ਸਰਪੰਚ ਵੀ ਰਹੇ ਹਨ, ਸਕੱਤਰ ਗੁਰਮੇਲ ਸਿੰਘ ਰੂਮੀ, ਹੁਕਮ ਰਾਜ ਦੇਹੜਕਾ, ਡਾ. ਲਖਵਿੰਦਰ ਸਿੰਘ, ਗੁਰਮੀਤ ਸਿੰਘ ਮੀਤਾ ਤੇ ਹੋਰਨਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਥਾਂ ਆਧੁਨਿਕ ਮਸ਼ੀਨ ਨਾਲ ਨਿਯਮਾਂ ਦੇ ਉਲਟ ਡੂੰਘਾ ਰੇਤਾ ਕੱਢਿਆ ਜਾ ਰਿਹਾ ਹੈ। ਇਸ ਨਾਲ ਖੱਡਾਂ ਦੇ ਨਾਲ ਲੱਗਦੀ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਓਵਰਲੋਡ ਟਿਪਰ ਸੌ ਟਨ ਤੋਂ ਵੱਧ ਰੇਤ ਲਿਜਾਂਦੇ ਸਮੇਂ ਦਰਿਆ ’ਤੇ ਬਣੇ ਧੁੱਸੀ ਬੰਨ੍ਹ ਉਪਰੋਂ ਲੰਘਦੇ ਹਨ ਜਿਸ ਕਰਕੇ ਬੰਨ੍ਹ ਦਬ ਗਏ ਹਨ। ਜੇਕਰ ਇਹ ਵਰਤਾਰਾ ਨਾ ਰੁਕਿਆ ਤਾਂ ਬਰਸਾਤ ਦੇ ਮੌਸਮ ’ਚ ਬੰਨ੍ਹ ਟੁੱਟ ਵੀ ਸਕਦੇ ਹਨ।