ਦੇਵਿੰਦਰ ਸਿੰਘ ਜੱਗੀ
ਪਾਇਲ, 26 ਮਾਰਚ
ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੌਰਾਨ ਵੱਖ-ਵੱਖ ਥਾਵਾਂ ’ਤੇ ਮੁੱਖ ਸੜਕਾਂ ’ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ। ਸੇਰ ਸ਼ਾਹ ਸੂਰੀ ਮਾਰਗ ’ਤੇ ਪੈਂਦੇ ਪਿੰਡ ਬੀਜਾ ਲਾਗੇ ਮੁੱਖ ਸੜਕ ’ਤੇ ਪਿੰਡ ਵਾਸੀਆਂ ਵੱਲੋਂ ਲਗਾਏ ਧਰਨੇ ਦੌਰਾਨ ਮੁੱਖ ਸੜਕ ’ਤੇ ਲੰਘਣ ਵਾਲੀਆਂ ਫੌਜੀਆਂ ਦੀਆਂ ਗੱਡੀਆਂ, ਫੌਜ ਦੀ ਐਂਬੂਲੈਂਸ, ਹੋਲੇ-ਮਹੱਲੇ ਵਾਲੀਆਂ ਟਰਾਲੀਆਂ ਅਤੇ ਮ੍ਰਿਤਕ ਦੇਹ ਲੈ ਕੇ ਜਾ ਰਹੀ ਗੱਡੀ ਨੂੰ ਵੀ ਧਰਨਾਕਾਰੀਆਂ ਵੱਲੋਂ ਭਾਰੀ ਪ੍ਰੇਸ਼ਾਨ ਕੀਤਾ ਗਿਆ। ਇਸ ਮੌਕੇ ਮੋਟਰਸਾਈਕਲ ਸਵਾਰ ਪਤੀ-ਪਤਨੀ ਜੋ ਰਾਜਪੁਰਾ ਤੋਂ ਲੁਧਿਆਣਾ ਹਸਪਤਾਲ ਦਵਾਈ ਲੈਣ ਜਾ ਰਹੇ ਸੀ, ਉਸ ਨੂੰ ਵੀ ਰੋਕਿਆ ਗਿਆ, ਜੋ ਕਾਫੀ ਮਿੰਨਤਾਂ-ਤਰਲੇ ਕਰਨ ਬਾਅਦ ਹੀ ਲੰਘ ਸਕੇ। ਉਸੇ ਵਕਤ ਅਮ੍ਰਿੰਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਸੰਗਤਾਂ ’ਚੋਂ ਸਰਬਜੀਤ ਸਿੰਘ, ਮੁਖਤਿਆਰ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ, ਹਰਮਨਜੀਤ ਸਿੰਘ ਅਤੇ ਭਵਦੀਪ ਸਿੰਘ ਵਾਸੀ ਅੰਮ੍ਰਿਤਸਰ ਨੇ ਧਰਨਾਕਾਰੀਆਂ ਵੱਲੋਂ ਰੋਕੇ ਜਾਣ ਦਾ ਵਿਰੋਧ ਕਰਦਿਆਂ ਉੱਥੇ ਹੀ ਧਰਨਾ ਲਗਾ ਦਿੱਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਵੀ ਕਿਸਾਨ ਹਾਂ, ਉਹ ਵੀ ਕਿਸਾਨ ਵਿਰੋਧੀ ਬਣਾਏ ਕਾਨੂੰਨਾਂ ਖਿਲਾਫ਼ ਮੋਦੀ ਸਰਕਾਰ ਦਾ ਵਿਰੋਧ ਕਰਦੇ ਹਨ ਪਰ ਧਰਨਾਕਾਰੀਆਂ ਵੱਲੋਂ ਸੰਗਤਾਂ ਨੂੰ ਪ੍ਰੇਸ਼ਾਨ ਕਰਨਾ ਅਤਿ ਨਿੰਦਣਯੋਗ ਹੈ। ਜਦੋਂ ਇਸ ਸਬੰਧੀ ਧਰਨਾਕਰੀਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਉੱਪਰੋ ਹੁਕਮ ਸੀ ਕਿ ਕਿਸੇ ਵੀ ਗੱਡੀ ਨੂੰ ਲੰਘਣ ਨਾ ਦਿੱਤਾ ਜਾਵੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਫੌਜ ਵਾਲੀਆਂ ਗੱਡੀਆਂ ਤੇ ਐਂਬੂਲੈਂਸ ਨੂੰ ਰੋਕਣ ’ਤੇ ਫੌਜ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਐੱਸਐੱਸਪੀ ਖੰਨਾ ਅਤੇ ਡੀਸੀ ਲੁਧਿਆਣਾ ਨੂੰ ਸੂਚਿਤ ਕੀਤਾ ਗਿਆ ਤਾਂ ਉਸੇ ਵਕਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਧਰਨਾਕਾਰੀਆਂ ਨੂੰ ਅਜਿਹੀਆਂ ਰੁਕਾਵਟਾਂ ਨਾ ਕਰਨ ਦੀ ਹਦਾਇਤ ਕੀਤੀ ਗਈ।