ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਜੁਲਾਈ
ਲੁਧਿਆਣਾ-ਤਲਵੰਡੀ ਭਾਈ (ਫਿਰੋਜ਼ਪੁਰ) ਮਾਰਗ ਦੇ ਨਵ-ਨਿਰਮਾਣ ਦੌਰਾਨ ਬਣੇ ਪੁੱਲਾਂ ਦੇ ਖਸਤਾ ਹਾਲ ਅਤੇ ਘਟੀਆ ਸਮੱਗਰੀ ਨਾਲ ਬਣਨ ਦੀਆਂ ਖਬਰਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਪਿਛਲੇ ਕਰੀਬ ਚਾਰ ਸਾਲਾਂ ਤੋਂ ਪ੍ਰਮੁੱਖਤਾ ਨਾਲ ਛੱਪ ਰਹੀਆਂ ਹਨ। ਇਸ ਮਾਰਗ ’ਤੇ ਲਾਲਾ ਲਾਜਪਤ ਰਾਏ ਯਾਦਗਾਰੀ ਬੱਸ ਟਰਮੀਨਲ ਨੇੜੇ ਬਣਿਆ ਪੁਲ ਅੱਜ ਧੱਸ ਗਿਆ ਹੈ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਦੌਰਾਨ ਸਾਹਮਣੇ ਆਇਆ ਕਿ ਪੁਲ ਉਪਰੋਂ ਚਾਰ-ਪੰਜ ਕੁ ਫੁੱਟ ਧੱਸ ਚੁੱਕਾ ਹੈ ਤੇ ਅੰਦਰੋਂ ਬਿਲਕੁਲ ਖੋਖਲਾ ਹੋ ਕੇ 10 ਤੋਂ ਪੰਦਰਾਂ ਫੁੱਟ ਦੇ ਕਰੀਬ ਖਾਲੀ ਹੋ ਗਿਆ ਹੈ। ਪੁਲ ਦੇ ਬਾਰਸ਼ ਬਾਅਦ ਧੱਸਣ ਸਮੇਂ ਕੋਈ ਵੀ ਵਾਹਨ ਉਪਰੋਂ ਨਾ ਲੰਘਦਾ ਹੋਣ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਸ਼ਹਿਰ ਵਾਸੀਆਂ ਦੇ ਮਨ ’ਚ ਪੁਲਾਂ ਦੀ ਖਸਤਾ ਹਾਲਤ ਨੂੰ ਲੈ ਕੇ ਬੈਠਾ ਹੋਇਆ ਡਰ ਹੋਰ ਵੀ ਪੱਕਾ ਹੋ ਗਿਆ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਿੰਨੀ ਦੇਰ ਪੁਲਾਂ, ਸਰਵਿਸ ਸੜਕਾਂ ’ਤੇ ਪਾਣੀ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਟੌਲ ਨਹੀਂ ਲੈਣਾ ਚਾਹੀਦਾ। ਪੁਲਾਂ ਦੀ ਖਸਤਾ ਹਾਲਤ, ਜਗਰਾਉਂ ਮੁੱਖ ਕੋਰਟ ਕੰਪਲੈਕਸ, ਸਰਵਿਸ ਸੜਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।
ਵਧੀਕ ਕਮਿਸ਼ਨਰ ਦਲਜੀਤ ਕੌਰ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਜਲਦੀ ਹੱਲ ਦਾ ਭਰੋਸਾ ਦਿੱਤਾ ਹੈ। ਯਾਦ ਰਹੇ ਕਿ ਇਨ੍ਹਾਂ ਪੁਲਾਂ ਦੀ ਹਾਲਤ ਬਾਰੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ ਦੀ ਟੀਮ ਦੋ ਵਾਰ ਜਾਂਚ ਕਰ ਚੁੱਕੀ ਹੈ।
ਪੁਲੀਸ ਨੇ ਸੜਕਾਂ ’ਤੇ ਪਏ ਖੱਡੇ ਭਰਵਾਏ
ਇੱਥੇ ਸਿੱਧਵਾਂ ਬੇਟ-ਜਲੰਧਰ ਅਤੇ ਰਾਏਕੋਟ ਨੂੰ ਜਾਣ ਵਾਲੇ ਮੁੱਖ ਚੌਕ ’ਚ ਪਏ ਟੋਇਆਂ ਨੂੰ ਟਰੈਫਿਕ ਪੁਲੀਸ ਨੇ ਖੁਦ ਭਰਵਾਇਆ। ਮੁੱਖ ਚੌਕ ’ਚ ਹੋਣ ਕਾਰਨ ਬਾਰਸ਼ਾਂ ਦਾ ਪਾਣੀ ਖੜ੍ਹਨ ਕਾਰਨ ਪਏ ਟੋਇਆਂ ਨਾਲ ਇੱਥੇ ਰੋਜ਼ਾਨਾ ਕੋਈ ਨਾ ਕੋਈ ਛੋਟਾ-ਵੱਡਾ ਹਾਦਸਾ ਵਾਪਰਦਾ ਰਹਿੰਦਾ ਸੀ, ਜਿਸ ਦੇ ਮੱਦੇਨਜ਼ਰ ਟਰੈਫਿਕ ਸੈੱਲ ਦੇ ਅਮਲੇ ਵੱਲੋਂ ਇੱਥੇ ਮਿੱਟੀ ਪਵਾਈ ਗਈ। ਰਾਹਗੀਰਾਂ ਨੇ ਟਰੈਫਿਕ ਸੈੱਲ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ।