ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ-2022’ ਤਹਿਤ ਅੱਜ ਅੰਡਰ-17 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ 14 ਬਲਾਕਾਂ ’ਚ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡ ਘਲੋਟੀ ਵਿੱਚ ਡਿਸਕਸ ਥ੍ਰੋਅ ’ਚ ਮਾਊਂਟ ਇੰਟਰਨੈਸ਼ਨਲ ਸਕੂਲ ਦੇ ਆਫਤਾਬ ਫਤਿਹ ਸਿੰਘ ਬੈਂਸ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਲਾਕ ਜਗਰਾਉਂ ਵਿੱਚ ਖੋ-ਖੋ (ਲੜਕੀਆਂ) ਵਿੱਚ ਸਪਰਿੰਗ ਡਿਊ ਸਕੂਲ ਜਗਰਾਉਂ ਪਹਿਲੇ ਸਥਾਨ ’ਤੇ ਰਿਹਾ ਜਦਕਿ ਕਬੱਡੀ ਨੈਸ਼ਨਲ (ਲੜਕੇ) ਵਿੱਚ ਪਿੰਡ ਦੇਹੜਕਾਂ ਨੇ ਬਾਜ਼ੀ ਮਾਰੀ। ਬਲਾਕ ਖੰਨਾ ਵਿੱਚ ਰੱਸਾ-ਕੱਸੀ (ਲੜਕਿਆਂ ਅਤੇ ਲੜਕੀਆਂ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕੌਹੀ ਅੱਵਲ ਰਿਹਾ, ਕਬੱਡੀ (ਲੜਕੇ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਤੇ ਖੋ-ਖੋ (ਲੜਕੀਆਂ) ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਨੇ ਬਾਜ਼ੀ ਮਾਰੀ। ਬਲਾਕ ਮਾਛੀਵਾੜਾ ਦੇ ਖੋ-ਖੋ (ਲੜਕੇ ਅਤੇ ਲੜਕੀਆਂ) ਮੁਕਾਬਲੇ ਵਿੱਚ ਮੂਨ ਲਾਈਟ ਸਕੂਲ ਹੈਡੋਂ ਬੇਟ ਪਹਿਲੇ ਸਥਾਨ ’ਤੇ ਰਿਹਾ ਜਦਕਿ ਵਾਲੀਬਾਲ (ਲੜਕੇ) ਵਿੱਚ ਓਰੀਐਂਟ ਪਬਲਿਕ ਸਕੂਲ ਤੇ ਵਾਲੀਬਾਲ (ਲੜਕੀਆਂ) ਵਿੱਚ ਸੁਪੀਰਅਰ ਵਰਡ ਸਕੂਲ ਨੇ ਬਾਜ਼ੀ ਮਾਰੀ।
ਇਸ ਮੌਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪਹੁੰਚੇ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਉਭਰਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਦੋਵਾਂ ਨੇ ਸਾਂਝੇ ਤੌਰ ’ਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਖੇਡਾਂ ਦਾ ਮਿਆਰ ਉਚਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।