ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਅਗਸਤ
ਇੱਥੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੀ ਵੈਨ ਦੇ ਅੱਜ ਇੱਥੇ ਜਗਰਾਉਂ-ਰਾਏਕੋਟ ਮਾਰਗ ’ਤੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਸਕੂਲਾਂ ਦੀਆਂ ਖਸਤਾ ਹਾਲ ਬੱਸਾਂ ਤੇ ਵੈਨਾਂ ਦੀ ਸਥਿਤੀ ਉਜਾਗਰ ਹੋ ਗਈ ਹੈ। ਹਾਦਸੇ ’ਚ ਪਿੰਡ ਅਖਾੜਾ ਦੇ ਪਹਿਲੀ ਜਮਾਤ ਦੇ ਗੁਰਮਨ ਸਿੰਘ ਪੁੱਤਰ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਈ ਹੋਰ ਬੱਚੇ ਜ਼ਖਮੀ ਹੋ ਗਏ। ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਬੱਚਿਆਂ ਦੀ ਹਾਲਤ ਦੇਖ ਕੇ ਲੋਕ ਰੋਹ ’ਚ ਆ ਗਏ। ਉਨ੍ਹਾਂ ਜਗਰਾਉਂ-ਰਾਏਕੋਟ ਰੋਡ ’ਤੇ ਚੱਕਾ ਜਾਮ ਕਰ ਦਿੱਤਾ।
ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਧਰਨੇ ’ਚ ਸ਼ਾਮਲ ਹੋਏ ਅਤੇ ਸਕੂਲਾਂ ਦੇ ਨਾਕਸ ਪ੍ਰਬੰਧਾਂ ਤੇ ਖਸਤਾ ਹਾਲ ਬੱਸਾਂ-ਵੈਨਾਂ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ। ਧਰਨਾਕਾਰੀ ਵੈਨ ਡਰਾਈਵਰ ਦੇ ਨਾਲ ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਖ਼ਿਲਾਫ਼ ਪਰਚਾ ਦਰਜ ਕਰਨ ’ਤੇ ਅੜ ਗਏ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਬੀਕੇਯੂ (ਡਕੌਂਦਾ) ਦੇ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਹਰਚੰਦ ਸਿੰਘ ਢੋਲਣ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਦੇਵ ਸਿੰਘ ਮਾਣੂੰਕੇ ਤੇ ਮਦਨ ਸਿੰਘ, ਸਰਪੰਚ ਜਸਵਿੰਦਰ ਕੌਰ, ਹਰਦੇਵ ਸਿੰਘ ਅਖਾੜਾ, ਜਗਦੀਪ ਸਿੰਘ, ਸੁਖਜੀਤ ਸਿੰਘ, ਦਰਸ਼ਨ ਸਿੰਘ ਅਖਾੜਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸਭ ਤੋਂ ਪਹਿਲਾਂ ਹਾਦਸੇ ਵਾਲੀ ਵੈਨ ਦਾ ਨਿਰੀਖਣ ਕਰੇ। ਉਨ੍ਹਾਂ ਕਿਹਾ ਕਿ ਏਨੀ ਮਾੜੀ ਵੈਨ ਸੜਕ ’ਤੇ ਚੱਲ ਹੀ ਕਿਵੇਂ ਸਕਦੀ ਹੈ। ਉਨ੍ਹਾਂ ਸਕੂਲਾਂ ‘ਚ ਹੋਰ ਖਾਮੀਆਂ, ਨਾਕਸ ਪ੍ਰਬੰਧਾਂ ਤੇ ਅਧਿਆਕਾਂ ਦੇ ਸ਼ੋਸ਼ਣ ਦਾ ਵੀ ਮੁੱਦਾ ਚੁੱਕਿਆ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਸਾਰੇ ਸਕੂਲਾਂ ’ਚ ਵੈਨਾਂ ਤੇ ਬੱਸਾਂ ਦੀ ਚੈਕਿੰਗ ਦੀ ਮੰਗ ਕੀਤੀ। ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੇ ਸਕੂਲੀ ਵੈਨਾਂ ਦੀ ਲਗਾਤਾਰ ਚੈਕਿੰਗ ਦਾ ਭਰੋਸਾ ਦਿਵਾਇਆ। ਬਾਅਦ ’ਚ ਪੁਲੀਸ ਨੇ ਡਰਾਈਵਰ, ਪ੍ਰਿੰਸੀਪਲ ਅਤੇ ਮੈਨੇਜਮੈਂਟ ਖ਼ਿਲਾਫ਼ ਪਰਚਾ ਦਰਜ ਕਰ ਲਿਆ।