ਗਗਨਦੀਪ ਅਰੋੜਾ
ਲੁਧਿਆਣਾ, 6 ਸਤੰਬਰ
ਜਨਮ ਅਸ਼ਟਮੀ ਮਹਾਂਉਤਸਵ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਵਿੱਚ ਪੂਰੀ ਤਰ੍ਹਾਂ ਸਜਾਵਟਾਂ ਹੋ ਚੁੱਕੀਆਂ ਹਨ। ਕਈ ਮੰਦਿਰਾਂ ’ਚ ਜਨਮ ਅਸ਼ਟਮੀ 6 ਸਤੰਬਰ ਨੂੰ ਮਨਾਈ ਜਾ ਰਹੀ ਹੈ ਤੇ ਸ਼ਹਿਰ ਦੇ ਕਈ ਮੁੱਖ ਮੰਦਿਰਾਂ ’ਚ 7 ਸਤੰਬਰ ਨੂੰ ਇਹ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਸ ਬਾਰੇ ਸਭ ਤੋਂ ਜ਼ਿਆਦਾ ਭਾਰ ਪੁਲੀਸ ’ਤੇ ਹੈ। ਦੋ ਦਿਨ ਮਨਾਈ ਜਾਣ ਵਾਲੀ ਜਨਮ ਅਸ਼ਟਮੀ ਨੂੰ ਲੈ ਕੇ ਪੁਲੀਸ ਨੇ ਸੁਰੱਖਿਆ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ। ਸ਼ਹਿਰ ਦੇ ਮੰਦਰਾਂ ਦੇ ਬਾਹਰ ਪੁਲੀਸ ਦਾ ਸਖ਼ਤ ਪਹਿਰਾ ਲੱਗਿਆ ਹੋਇਆ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਖੁਦ ਸੁਰੱਖਿਆ ਪ੍ਰਬੰਧ ਚੈਕ ਕਰ ਰਹੇ ਹਨ।
ਸ਼ਹਿਰ ਵਿੱਚ ਕੋਈ ਅਣਹੋਣੀ ਨਾ ਹੋਵੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਇਸ ਕਾਰਨ ਸੀਨੀਅਰ ਪੁਲੀਸ ਅਧਿਕਾਰੀ ਖੁਦ ਸੜਕਾਂ ’ਤੇ ਉਤਰੇ ਹੋਏ ਹਨ।
ਸ਼ਹਿਰ ਦੇ ਮੁੱਖ ਸਥਾਨ ਗੋਬਿੰਦ ਗਊਧਾਮ, ਮਾਡਲ ਟਾਊਨ ਸਥਿਤ ਕ੍ਰਿਸ਼ਨਾ ਮੰਦਿਰ, ਜਗਰਾਉਂ ਪੁਲ ਕੋਲ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ, ਸਰਾਭਾ ਨਗਰ ਸਥਿਤ ਸ੍ਰੀ ਨਵ ਦੁਰਗਾ ਮੰਦਰ, ਇਸਕਾਨ ਮੰਦਰ ਅਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਪੁਲੀਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਪੁਲੀਸ ਵੱਲੋਂ ਅਜਿਹਾ ਸਿਸਟਮ ਕਰਵਾ ਦਿੱਤਾ ਗਿਆ ਹੈ ਕਿ ਕਿਸੇ ਨੂੰ ਵੀ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਲਈ ਜੱਦੋ ਜਹਿੱਦ ਨਾ ਕਰਨੀ ਪਵੇ ਬਲਕਿ ਸਾਰੇ ਆਰਾਮ ਨਾਲ ਦਰਸ਼ਨ ਕਰ ਸਕਣ।
ਮੰਦਿਰਾਂ ਦੇ ਬਾਹਰ ਪਾਰਕਿੰਗ ਵੀ ਨੇੜੇ ਨਹੀਂ ਕਰਨ ਦਿੱਤੀ ਜਾ ਰਹੀ ਤੇ ਟਰੈਫਿਕ ਪੁਲੀਸ ਲਗਾਤਾਰ ਟਰੈਫਿਕ ਕੰਟਰੋਲ ਕਰਨ ’ਚ ਲੱਗੀ ਹੋਈ ਹੈ। ਪੁਲੀਸ ਵੱਲੋਂ ਕਈ ਮੰਦਿਰਾਂ ਦੇ ਬਾਹਰ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਕਿ ਸਿਰਫ਼ ਤੇ ਸਿਰਫ਼ ਪੈਦਲ ਸ਼ਰਧਾਲੂ ਹੀ ਜਾ ਸਕਣ। ਇਸ ਤੋਂ ਇਲਾਵਾ ਪੁਲੀਸ ਨੇ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਸੀਸੀਟੀਵੀ ਕੈਮਰੇ ਦੇ ਕੰਟਰੋਲ ਰੂਮ ’ਚ ਕਰਮੀ ਤਾਇਨਾਤ ਕਰਵਾ ਦਿੱਤੇ ਹਨ ਤਾਂ ਕਿ ਤੀਸਰੀ ਅੱਖ ਤੋਂ ਵੀ ਸੁਰੱਖਿਆ ਪ੍ਰਬੰਧ ਚੈਕ ਕੀਤੇ ਜਾ ਸਕਣ। ਪੁਲੀਸ ਸੀਸੀਟੀਵੀ ਕੈਮਰਿਆਂ ਰਾਹੀਂ ਸ਼ੱਕੀਆਂ ’ਤੇ ਵੀ ਨਜ਼ਰ ਰੱਖ ਰਹੀ ਹੈ।