ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਗਸਤ
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮਦਿਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਹਰਦੇਵ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਚੇਅਰਮੈਨ ਪਲਵਿੰਦਰ ਸਿੰਘ ਬਿੱਲੂ ਆਦਿ ਸਮੇਤ ਸਮੂਹ ਖਿਡਾਰੀਆਂ ਨੇ ਮੇਜਰ ਧਿਆਨ ਚੰਦ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੀਆਂ ਅਹਿਮ ਪ੍ਰਾਪਤੀਆਂ ਦੇ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਘਾਲਣਾ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ ਬਿੱਲੂ ਅਤੇ ਮਾਸਟਰਜ ਹਾਕੀ ਐਸੋਸੀਏਸ਼ਨ ਪੰਜਾਬ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਜਰਖੜ ਖੇਡ ਸਟੇਡੀਅਮ ਨਾਲ ਆਪਣੀਆਂ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਮਹਾਨ ਖਿਡਾਰੀ ਧਿਆਨ ਚੰਦ ਨੂੰ ਸਿਜਦਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮੁੱਕੇਬਾਜ਼ੀ ਵਿੱਚ ਜ਼ਿਲ੍ਹਾ ਪੱਧਰੀ ਸਕੂਲ ਚੈਂਪੀਅਨ ਜਰਖੜ ਅਕੈਡਮੀ ਦੇ 11 ਜੇਤੂ ਖਿਡਾਰੀਆਂ ਨੂੰ ਕੀਮਤੀ ਤੋਹਫਿਆਂ ਨਾਲ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਰੀਂਹ ਜਲੰਧਰ ਅਤੇ ਜਰਖੜ ਹਾਕੀ ਅਕੈਡਮੀ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੋਚ ਗੁਰ ਸਤਿੰਦਰ ਸਿੰਘ ਪ੍ਰਗਟ, ਪਰਮਜੀਤ ਸਿੰਘ ਗਰੇਵਾਲ, ਗੁਰਤੇਜ ਸਿੰਘ ਬੋੜਹਾਈ, ਗੁਰਮੁਖ ਸਿੰਘ ਆਦਿ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।