ਸਤਵਿੰਦਰ ਬਸਰਾ
ਲੁਧਿਆਣਾ, 21 ਜੁਲਾਈ
ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿੱਚ 7-ਏ-ਸਾਈਡ ਹਾਕੀ ਲੀਗ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਰਾਮਪੁਰ ਕਲੱਬ ਅਤੇ ਜੂਨੀਅਰ ਵਰਗ ਵਿੱਚ ਜਟਾਣਾ ਅਕੈਡਮੀ ਦੀਆਂ ਟੀਮਾਂ ਜੇਤੂ ਰਹੀਆਂ। ਲੀਗ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਸੀਨੀਅਰ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ ਰਾਮਪੁਰ ਕਲੱਬ ਨੇ ਉਟਾਲਾਂ ਕਲੱਬ ਨੂੰ ਨਿਰਧਾਰਤ ਸਮੇਂ ਤਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟਆਊਟ ਵਿੱਚ 5-4 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਹਰਪ੍ਰੀਤ ਸਿੰਘ ਨੇ 3 ਸੱਜਣ ਸਿੰਘ ਨੇ 2 ਗੋਲ ਕੀਤੇ ਜਦਕਿ ਓੁਟਾਲਾਂ ਵੱਲੋਂ ਰਪਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ 2-2 ਗੋਲ ਅਤੇ ਅੰਗਦ ਸਿੰਘ ਨੇ 1 ਗੋਲ ਕੀਤਾ। ਜੂਨੀਅਰ ਵਰਗ ਵਿੱਚ ਰਾਮਪੁਰ ਹਾਕੀ ਸੈਂਟਰ ਅਤੇ ਜਰਖੜ ਹਾਕੀ ਅਕੈਡਮੀ ਵਿਚਕਾਰ ਖੇਡਿਆ ਗਿਆ ਮੁਕਾਬਲਾ 3-3 ਗੋਲਾਂ ਤੇ ਬਰਾਬਰ ਰਿਹਾ। ਪੈਨਲਟੀ ਸਟਰੋਕ ਵਿੱਚ ਰਾਮਪੁਰ ਹਾਕੀ ਸੈਂਟਰ 4-2 ਗੋਲਾਂ ਨਾਲ ਜੇਤੂ ਰਿਹਾ। ਅੱਜ ਦੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਜਟਾਣਾ ਹਾਕੀ ਅਕੈਡਮੀ ਨੇ ਘਵੱਦੀ ਸਕੂਲ ਨੂੰ 7-2 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਾਹਿਬਜੋਤ ਸਿੰਘ ਨੇ 3, ਜਸਕੀਰਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੇ 2-2 ਗੋਲ ਕੀਤੇ ਜਦਕਿ ਘਵੱਦੀ ਵੱਲੋਂ ਮੁਹੰਮਦ ਸਹਿਜਾਦ ਅਤੇ ਗੁਰੂ ਜੈਪਾਲ ਨੇ ਇਕ- ਇਕ ਗੋਲ ਕੀਤਾ । ਅੱਜ ਦੇ ਮੈਚਾਂ ਦੌਰਾਨ ਧਰਮਿੰਦਰ ਸਿੰਘ ਮਨੀ, ਹਰਵਿੰਦਰ ਸਿੰਘ ਕਾਲਾ ਘਵੱਦੀ, ਪ੍ਰੇਮ ਸਿੰਘ ਰਾਮਪੁਰ ਸਣੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ ।