ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਦਸੰਬਰ
ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਲੁਧਿਆਣਾ ਨਾਲ ਸਬੰਧਤ ਪੰਜ ਜੱਜਾਂ ਦੀ ਟੀਮ ਵੱਲੋਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਦੌਰਾ ਕੀਤਾ ਗਿਆ। ਟੀਮ ’ਚ ਸ਼ਾਮਲ ਜੁਡੀਸ਼ਲ ਮੈਜਿਸਟਰੇਟ ਜੁਗਰਾਜ ਸਿੰਘ ਸਿੱਧੂ, ਜਸਵਿੰਦਰ ਸਿੰਘ, ਜਿਸਕਿਰਨ ਸੋਂਧ, ਮਮਤਾ ਮਹਿਮੀ ਤੇ ਸ਼ਿਵਾਨੀ ਨੇ ਸਰਕਾਰ ਤੋਂ ਪ੍ਰਮਾਣਿਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਅਦਾਰੇ ਐੱਸਜੀਬੀ. ਬਾਲ ਘਰ ਧਾਮ ਤਲਵੰਡੀ ਖੁਰਦ ਦੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਅਚਾਨਕ ਦੌਰੇ ਦੌਰਾਨ ਟੀਮ ਬਾਲ ਘਰ ਦੇ ਕੁਝ ਬੱਚਿਆਂ ਨੂੰ ਸਕੂਲ ਵੈਨ ਤੋਂ ਉੱਤਰਦਿਆਂ ਨੂੰ ਹੀ ਮਿਲੀ। ਉਨ੍ਹਾਂ ਬੱਚਿਆਂ ਪਾਸੋਂ ਰਹਿਣ-ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਤਸੱਲੀ ਪ੍ਰਗਟਾਈ। ਇਸ ਦੇ ਨਾਲ ਹੀ ਉਨ੍ਹਾਂ ਸਪੈਸ਼ਲ ਅਡਾਪਸ਼ਨ ਏਜੰਸੀ ਅਤੇ ਚਾਈਲਡ ਕੇਅਰ ਇੰਸਟੀਚਿਊਟ ’ਚ ਜਾਣੇ-ਅਣਜਾਣੇ ਕਾਰਨਾਂ ’ਚ ਆਉਣ ਵਾਲੇ ਬੱਚਿਆਂ ਬਾਰੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਪ੍ਰਧਾਨ ਬੀਬੀ ਜਸਬੀਰ ਕੌਰ ਪਾਸੋਂ ਜਾਣਕਾਰੀ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਇਸ ਕੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਮਨੀਸ਼ ਸਿੰਗਲ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਅਤੇ ਪ੍ਰਭਜੋਤ ਸਿੰਘ ਕਾਲੇਕੇ ਚੀਫ਼ ਜੁਡੀਸ਼ਲ ਮੈਜਿਸਟਰੇਟ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਸਲਾਹਕਾਰ ਅਥਾਰਟੀ ਲੁਧਿਆਣਾ ਦਾ ਸਹਿਯੋਗ ਲਿਆ ਜਾਵੇਗਾ। ਜੁਗਰਾਜ ਸਿੰਘ ਸਿੱਧੂ, ਜਸਵਿੰਦਰ ਸਿੰਘ, ਜਿਸਕਿਰਨ ਸੋਂਧ, ਮਮਤਾ ਮਹਿਮੀ ਤੇ ਸ਼ਿਵਾਨੀ (ਸਾਰੇ ਜੁਡੀਸ਼ਲ ਮੈਜਿਸਟਰੇਟ) ਨੇ ਸਾਂਝੇ ਤੌਰ ’ਤੇ ਕਿਹਾ ਕਿ ਕਈ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਸੰਭਾਲਣ ਤੋਂ ਬੇਵੱਸ ਹੋ ਜਾਂਦੇ ਹਨ ਪਰੰਤੂ ਕਾਨੂੰਨ ਕਿਸੇ ਵੀ ਬੱਚੇ ਨੂੰ ਲਾਵਾਰਸ ਹਾਲਤ ’ਚ ਸੁੱਟਣ ਦੀ ਬਜਾਏ ਬੱਚੇ ਨੂੰ ਪੰਗੂੜੇ ’ਚ ਰੱਖਿਆ ਜਾਵੇ ਜਾਂ ਫਿਰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਹੋ ਕੇ ਬੱਚੇ ਨੂੰ ਸਰਕਾਰ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੱਚਾ ਵੇਚਣਾ ਜਾਂ ਖਰੀਦਣਾ ਕਾਨੂੰਨੀ ਜੁਰਮ ਹੈ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ ਤੋਂ ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ, ਏਕਮਦੀਪ ਕੌਰ ਗਰੇਵਾਲ ਵੀ ਮੌਜੂਦ ਸਨ।