ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਅਕਤੂਬਰ
ਇੱਥੋਂ ਨੇੜਲੇ ਪਿੰਡ ਮਨਸੂਰਾਂ ਵਿੱਚ ਜਮਹੂਰੀ ਕਿਸਾਨ ਸਭਾ ਦੀ ਸਥਾਨਕ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਜੁਗਰਾਜ ਸਿੰਘ ਪ੍ਰਧਾਨ ਚੁਣੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੀਤੀਆਂ ਘੜਦੀਆਂ ਹਨ, ਨਤੀਜੇ ਵਜੋਂ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨ ਅਤੇ ਮਜ਼ਦੂਰ ਹੋਰ ਵੀ ਡੂੰਘੇ ਸੰਕਟ ਵਿਚ ਫਸਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦ ਹੋਏ ਬਿਨਾਂ ਕਿਸਾਨ-ਮਜ਼ਦੂਰਾਂ ਨੂੰ ਦਰਪੇਸ਼ ਦਿੱਕਤਾਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਚੁਣੀ ਗਈ ਟੀਮ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿਚ ਸਹਾਈ ਹੋਵੇਗੀ। ਨਵੀਂ ਕਮੇਟੀ ਵਿੱਚ ਮਨਦੀਪ ਸਿੰਘ ਸਕੱਤਰ ਅਤੇ ਗੁਰਦੀਪ ਸਿੰਘ ਖ਼ਜ਼ਾਨਚੀ ਚੁਣੇ ਗਏ। ਪਿੰਡ ਮਨਸੂਰਾਂ ਦੇ ਸਰਪੰਚ ਓਮ ਪ੍ਰਕਾਸ਼, ਡਾਕਟਰ ਪ੍ਰਦੀਪ ਜੋਧਾਂ ਅਤੇ ਅਮਰਜੀਤ ਸਿੰਘ ਸਹਿਜਾਦ ਨੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਵਿੱਚ ਨਿਭਾਈ ਸ਼ਾਨਦਾਰ ਭੂਮਿਕਾ ਦੀ ਪ੍ਰਸ਼ੰਸ਼ਾ ਕੀਤੀ।