ਦੇਵਿੰਦਰ ਸਿੰਘ ਜੱਗੀ
ਪਾਇਲ 22 ਜੂਨ
ਦਿ ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਲਿਮਿਟਡ ਲੁਧਿਆਣਾ ਦੇ ਜ਼ੋਨ ਨੰਬਰ 5 ਪਾਇਲ ਦੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਬਹੁਗਿਣਤੀ ਪ੍ਰਧਾਨ ਹੋਣ ਦੇ ਬਾਵਜੂਦ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਇਲ ਜ਼ੋਨ ਦੀਆਂ ਵੋਟਾਂ ਖੇਤੀਬਾੜੀ ਸਹਿਕਾਰੀ ਸਭਾ ਪਾਇਲ ਵਿਖੇ ਸਹਾਇਕ ਰਿਟਰਨਿੰਗ ਅਫਸਰ ਸੁਰਿੰਦਰ ਸਿੰਘ ਦੀ ਦੇਖ ਰੇਖ ਹੇਠ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪਈਆਂ। ਇਸ ਜ਼ੋਨ ਦੀਆਂ ਪੈਣ ਯੋਗ 41 ਵੋਟਾਂ ਸਨ ਜਿਨ੍ਹਾਂ ਵਿੱਚੋਂ ਸਹਿਕਾਰੀ ਸਭਾ ਜੱਲਾ ਦੇ ਨੁਮਾਇੰਦੇ ਨੇ ਵੋਟ ਨਹੀ ਪਾਈ ਅਤੇ ਇੱਕ ਵੋਟ ਰੱਦ ਹੋ ਗਈ।
ਵੋਟਾਂ ਦੀ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨ ਸ਼ਰਮਾ ਸਿਹੌੜਾ ਨੂੰ 24 ਵੋਟਾਂ ਪਈਆਂ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਰਛਪਾਲ ਸਿੰਘ ਨੂੰ 15 ਵੋਟਾਂ ’ਤੇ ਹੀ ਸਬਰ ਕਰਨਾ ਪਿਆ। ਰਛਪਾਲ ਸਿੰਘ ਮਲੌਦ ਦੀ ਹਾਰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਲਈ ਵੱਡਾ ਝਟਕਾ ਹੈ ਕਿਉਂਕਿ ਬਹੁ ਗਿਣਤੀ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਪ੍ਰਧਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਸਨ। ਚੋਣ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਸਿੱਧਾ ਮੁਕਾਬਲਾ ਸੀ ਤੇ ਚੋਣ ਵਿਚ ਅਕਾਲੀ ਦਲ ਨੇ ਭਾਗ ਨਹੀਂ ਲਿਆ। ਕਰਨ ਸਿਹੌੜਾ ਦੀ ਜਿੱਤ ਤੋਂ ਬਾਅਦ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਹਿਕਾਰੀ ਸਭਾ ਪਾਇਲ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਕਰਨ ਸਿਹੌੜਾ ਦਾ ਮੂੰਹ ਮਿੱਠਾ ਕਰਵਾਇਆ। ਵਿਧਾਇਕ ਗਿਆਸਪੁਰ ਨੇ ਇਸ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਮੌਕੇ ਆੜ੍ਹਤੀ ਏ.ਪੀ. ਜੱਲਾ, ਸਰਪੰਚ ਪ੍ਰਗਟ ਸਿੰਘ ਸਿਆੜ, ਆਦਿ ਨੇ ਚੁਣੇ ਡਾਇਰੈਕਟਰ ਕਰਨ ਸਿਹੌੜਾ ਨੂੰ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ ।