ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਪਰੈਲ
ਨਵੇਂ ਨਿਯੁਕਤ ਲੁਧਿਆਣਾ ਪੁਲੀਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾ. ਕੌਸਤਬ ਸ਼ਰਮਾ ਨੇ ਕਿਹਾ ਕਿ ਹੁਣ ਲੋਕਾਂ ਨੂੰ ਦਫ਼ਤਰਾਂ ’ਚ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ। ਲੋਕਾਂ ਦੇ ਦਫ਼ਤਰ ’ਚ ਆਉਣ ਦੀ ਥਾਂ ਉਹ ਲੋਕਾਂ ਤੱਕ ਪਹੁੰਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁਲੀਸ ਦਾ ਸਫ਼ਰ ਲੁਧਿਆਣਾ ਤੋਂ ਸ਼ੁਰੂ ਹੋਇਆ ਸੀ। ਪੂਰੇ 22 ਸਾਲ ਬਾਅਦ ਉਨ੍ਹਾਂ ਨੂੰ ਲੁਧਿਆਣਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਲੁਧਿਆਣਾ ਵਿੱਚ ਕਈ ਚੁਣੌਤੀਆਂ ਵੀ ਹਨ, ਜਿਸ ’ਤੇ ਉਹ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਸਰਕਾਰ ਨਸ਼ੇ ਦੇ ਮੁੱਦੇ ’ਤੇ ਕਾਫ਼ੀ ਗੰਭੀਰ ਹੈ। ਸ਼ਹਿਰ ’ਚ ਜਿਨ੍ਹਾਂ ਇਲਾਕਿਆਂ ’ਚ ਨਸ਼ਾ ਜ਼ਿਆਦਾ ਵਿਕਦਾ ਹੈ, ਉਨ੍ਹਾਂ ਨੂੰ ਵੀ ਲੱਭਿਆ ਜਾਵੇਗਾ ਤਾਂ ਕਿ ਨਸ਼ਾ ਤਸਕਰਾਂ ’ਤੇ ਲਗਾਮ ਕੱਸੀ ਜਾ ਸਕੇ।
ਨਵ-ਨਿਯੁਕਤ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦਫ਼ਤਰ ’ਚ ਚਾਰਜ ਲੈਣ ਤੋਂ ਪਹਿਲਾਂ ਪੁਲੀਸ ਲਾਈਨ ਜੀਓ ਮੈਸ ਪੁੱਜ ਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੀਨੀਅਰ ਪੁਲੀਸ ਅਧਿਕਾਰੀ ਵੀ ਉਥੇ ਮੌਜੂਦ ਸਨ। ਪੁਲੀਸ ਕਮਿਸ਼ਨਰ ਦਫ਼ਤਰ ’ਚ ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਉਸ ਤੋਂ ਬਾਅਦ ਅਧਿਕਾਰੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਨੇ ਦਫ਼ਤਰ ਦਾ ਚਾਰਜ ਸੰਭਾਲਿਆ। ਉਨ੍ਹਾਂ ਕਿਹਾ ਕਿ ਪੁਲੀਸ ਦੇ ਕੋਲ 500 ਦੇ ਕਰੀਬ ਮੁਲਾਜ਼ਮ ਘੱਟ ਹਨ ਪਰ ਇੰਨੇ ਸਟਾਫ਼ ਦੇ ਨਾਲ ਹੀ ਸ਼ਹਿਰ ’ਚ ਕਾਨੂੰਨ ਵਿਵਸਥਾ ਦੇ ਨਾਲ-ਨਾਲ ਟਰੈਫਿਕ ਅਤੇ ਲਾਅ ਐਂਡ ਆਰਡਰ ਸਹੀ ਤਰੀਕੇ ਨਾਲ ਚਲਾਇਆ ਜਾਵੇਗਾ। ਟਰੈਫਿਕ ਜਾਮ ’ਤੇ ਗੱਲ ਕਰਦੇ ਹੋਏ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਉਨ੍ਹਾਂ ਇਲਾਕਿਆਂ ਦਾ ਪਤਾ ਕਰੇਗੀ, ਜਿੱਥੇ ਟਰੈਫਿਕ ਜ਼ਿਆਦਾ ਹੁੰਦਾ ਹੈ ਤੇ ਕਿਸ ਵੇਲੇ ਹੁੰਦਾ ਹੈ। ਉਸੇ ਸਮੇਂ ਉਥੇ ਕਰਮੀ ਤਾਇਨਾਤ ਕੀਤੇ ਜਾਣਗੇ ਤਾਂ ਕਿ ਜਾਮ ਨਾ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੁੱਟ-ਖੋਹ, ਗੈਂਗਵਾਰ ਤੇ ਵੱਡੀਆਂ ਵਾਰਦਾਤਾਂ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।