ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਦਸੰਬਰ
ਸਤਜੋਤ ਨਗਰ, ਧਾਂਦਰਾ ਰੋਡ ਦੇ ਵਸਨੀਕਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਪੰਜਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਈਸ਼ਵਰ ਸਿੰਘ ਦੇ ਰਾਗੀ ਜੱਥੇ ਨੇ ਇਲਾਹੀ ਕੀਰਤਨ ਕੀਤਾ। ਉਪਰੰਤ ਪੰਥਕ ਕਵੀ ਜੋਗਿੰਦਰ ਸਿੰਘ ਕੰਗ ਦੀ ਸਟੇਜ ਸੰਚਾਲਨਾ ਹੇਠ ਮਹਾਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਸਵਿੰਦਰ ਕੌਰ ਜੱਸੀ, ਪ੍ਰੋ. ਗੁਰਵਿੰਦਰ ਕੌਰ ਗੁਰੀ, ਭੁਪਿੰਦਰ ਸਿੰਘ ਸੈਣੀ, ਅਮੀਰ ਸਿੰਘ ਰਾਣਾ, ਐਡਵੋਕੇਟ ਕਿਰਪਾਲ ਸਿੰਘ ਕਾਲੜਾ, ਜੋਗਿੰਦਰ ਸਿੰਘ ਕੰਗ ਅਤੇ ਰਛਪਾਲ ਸਿੰਘ ਪਾਲ (ਜਲੰਧਰ) ਨੇ ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਨਾਲ ਸਬੰਧਤ ਬੀਰ-ਰਸ ਭਰਪੂਰ ਕਾਵਿ-ਰਚਨਾਵਾਂ ਦੁਆਰਾ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਮੁੱਖ ਪ੍ਰਬੰਧਕ ਗੁਰਦੇਵ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਵੱਲੋਂ ਰਾਗੀ ਜੱਥਿਆਂ ਅਤੇ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਰਮਜੀਤ ਸਿੰਘ, ਰਵਿੰਦਰ ਸਿੰਘ, ਤੇਜਿੰਦਰ ਸਿੰਘ, ਰਾਜੇਸ਼ ਕੁਮਾਰ, ਚਰਨ ਸਿੰਘ ਝੱਜ, ਕੇਹਰ ਸਿੰਘ ਸਪੇਰਾ, ਹਰਵਿੰਦਰ ਸਿੰਘ ਨਰੂਲਾ, ਗੁਰਮੀਤ ਸਿੰਘ ਸਰਪੰਚ, ਸੁਖਵਿੰਦਰ ਕੌਰ, ਕੁਲਦੀਪ ਕੌਰ, ਰੁਪਿੰਦਰ ਕੌਰ ਹਾਜ਼ਰ ਸਨ।
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ
ਖੰਨਾ (ਨਿੱਜੀ ਪੱਤਰ ਪ੍ਰੇਰਕ): ਸੇਂਟ ਮਦਰ ਟੈਰੇਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਿੰਸੀਪਲ ਅੰਜੂ ਭਾਟੀਆ ਤੇ ਸਕੂਲ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਜ਼ਾਬਰ ਤੇ ਜ਼ੁਲਮ ਖਿਲਾਫ ਖੜ੍ਹਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਅੰਜੂ ਭਾਟੀਆ ਨੇ ਵਿਦਿਆਰਥੀਆਂ ਨੂੰ ਵੱਡੇ ਸਾਹਿਜ਼ਾਦਿਆਂ ਦੀ ਚਮਕੌਰ ਦੇ ਜੰਗ ’ਚ ਹੋਈ ਸ਼ਹਾਦਤ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।