ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਰੇਤਾ ਚੋਰੀ ਦਾ ਪੈਸਾ ਆਗੂਆਂ ਦੀ ਜੇਬ ਦੀ ਬਜਾਇ ਬੀਬੀਆਂ ਦੀਆਂ ਜੇਬਾਂ ’ਚ ਜਾਣ ਦੇ ਦਿੱਤੇ ਬਿਆਨ ’ਤੇ ਗੱਲ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰਾ ਕਰ ਕੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਆਪਣੀ ਸਰਕਾਰ ਬਣਾਉਣ ਲਈ ਵੱਡੀਆਂ ਵੱਡੀਆਂ ਗਾਰੰਟੀਆਂ ਦੇ ਰਹੇ ਹਨ। ਇਨ੍ਹਾਂ ਦੇ ਪੂਰਾ ਹੋਣ ਦੀ ਕੋਈ ਆਸ ਨਹੀਂ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਰੈਲੀ ਦੌਰਾਨ ਪੰਜਾਬ ਦੀ ਅਵਾਮ ਨਾਲ ਵਾਅਦਾ ਕੀਤਾ ਸੀ ਕਿ ਉਹ ਦਿੱਲੀ ਜਾ ਕੇ ਪੰਜਾਬ ਨੂੰ ਪਾਣੀਆਂ ਦੀ ਕੀਮਤ ਭੇਜਣਗੇ। ਉਨ੍ਹਾਂ ਕਿਹਾ ਕਿ ਇਹ ਕੀਮਤ ਅਜੇ ਤੱਕ ਪੰਜਾਬ ਨੂੰ ਨਹੀਂ ਭੇਜੀ ਪਰ ਹਿਮਾਚਲ ਨੂੰ 21 ਕਰੋੜ ਰੁਪਏ ਸਾਲਾਨਾ ਦਿੱਤੇ ਜਾ ਰਹੇ ਹਨ। ਸ੍ਰੀ ਬੈਂਸ ਨੇ ਕਿਹਾ ਕਿ ਜੋ ਗਾਰੰਟੀਆਂ ਕੇਜਰੀਵਾਲ ਪੰਜਾਬ ਆ ਕੇ ਦੇ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਲਾਗੂ ਕਰਨ।
ਵਿਧਾਇਕ ਬੈਂਸ ਅੱਜ ਵਾਰਡ ਨੰਬਰ-44 ਅਰਬਨ ਅਸਟੇਟ ਦੁੱਗਰੀ ਫੇਸ-1 ਵਿੱਚ ਪ੍ਰਧਾਨ ਹਰਪਾਲ ਸਿੰਘ ਕੋਹਲੀ ਦੀ ਅਗਵਾਈ ’ਚ ਹੋਈ ਵਾਰਡ ਵਾਸੀਆਂ ਨਾਲ ਬੂਥ ਕਮੇਟੀ ਦੀ ਮੀਟਿੰਗ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਬੂਥ ਕਮੇਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਈਡੀ ਕਾਰਡ ਵੰਡੇ। ਇਲਾਕਾ ਵਾਸੀਆ ਨੇ ਵਿਧਾਇਕ ਬੈਂਸ ਦਾ ਸਨਮਾਨ ਕੀਤਾ। ਮੀਟਿੰਗ ਦੌਰਾਨ ਸੋਹਨ ਸਿੰਘ ਪ੍ਰਧਾਨ ਲੇਬਰ ਕਲੋਨੀ, ਗੁਰਦੀਪ ਸਿੰਘ ਕਾਲੜਾ, ਮਨਜੀਤ ਸਿੰਘ ਚਾਵਲਾ, ਮਨਮੋਹਨ ਸਿੰਘ ਪੱਪੂ ਆਦਿ ਮੌਜੂਦ ਸਨ।