ਜਗਜੀਤ ਕੁਮਾਰ
ਖਮਾਣੋਂ, 30 ਅਕਤੂਬਰ
ਨਜ਼ਦੀਕੀ ਪਿੰਡ ਸਿੱਧੂਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ’ਤੇ ਪ੍ਰਸ਼ਾਸਨ ਨੂੰ ਅੱਜ ਹੱਥਾਂ ਪੈਰਾਂ ਦੀ ਪੈ ਗਈ। ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਸਵੇਰੇ ਸਵਾ 8 ਵਜੇ ਦੇ ਕਰੀਬ ਸਕੂਲ ਆਏ ਤਾਂ ਵੇਖਿਆ ਕਿ ਸਕੂਲ ਦੀ ਚਾਰਦੀਵਾਰੀ ’ਤੇ ਵੱਡੇ-ਵੱਡੇ ਅੱਖਰਾਂ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਨੇ ਇਸ ਸਬੰਧੀ ਤੁਰੰਤ ਪਿੰਡ ਦੇ ਸਰਪੰਚ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪਤਵੰਤਿਆਂ ਦੀ ਹਾਜ਼ਰੀ ’ਚ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਮਿਟਾ ਦਿੱਤਾ।