ਪਾਇਲ: ਪੁਲੀਸ ਜ਼ਿਲ੍ਹਾ ਖੰਨਾ ਦੇ ਪਿੰਡਾਂ ਅੰਦਰ ਪਿੱਛਲੇ ਕਈ ਦਿਨਾਂ ਤੋਂ ਖ਼ਾਲਿਸਤਾਨ ਦੇ ਹੱਕ ’ਚ ਨਾਅਰੇ ਲਿਖੇ ਜਾ ਰਹੇ ਹਨ। ਇਹ ਸਭ ਤੋਂ ਪਹਿਲਾ ਈਸੜੂ, ਫਿਰ ਜੀਟੀ ਰੋਡ ਮੰਜੀ ਸਾਹਿਬ ਤੇ ਹੁਣ ਨਜ਼ਦੀਕੀ ਪਿੰਡ ਨਸਰਾਲੀ ਤੋਂ ਜੰਡਾਲੀ ਨੂੰ ਜਾਣ ਵਾਲੀ ਸੜਕ ’ਤੇ ਖ਼ਾਲਿਸਤਾਨ ਦੀਆਂ ਵੋਟਾਂ ਬਾਰੇ ਲਿਖਿਆ ਗਿਆ ਹੈ। ਇਸ ਬਾਰੇ ਅਜੇ ਤੱਕ ਪੁਲੀਸ ਦੇ ਹੱਥ ਖਾਲੀ ਹਨ। ਇਸ ਕਾਰਨ ਇਲਾਕੇ ਵਿਚ ਸਹਿਮ ਦੇ ਮਾਹੌਲ ਹੈ। ਐਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦਾ ਕੰਮ ਹੈ, ਜੋ ਇਲਾਕੇ ਵਿਚ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਪਰ ਪੁਲੀਸ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਵਾਰ ਵਾਰ ਵਾਪਰ ਰਹੀ ਇਸ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। -ਪੱਤਰ ਪ੍ਰੇਰਕ