ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਗਸਤ
ਇੱਥੇ ਅੱਜ ਸੀਨੀਅਰ ਪੁਲੀਸ ਕਪਤਾਨ ਦਫਤਰ ਵਿੱਚ ਖੰਨਾ ਦੇ ਨਵੇਂ ਐੱਸਐੱਸਪੀ ਅਸ਼ਵਨੀ ਗੁਟਿਆਲ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਅਪਰਾਧ ਨੂੰ ਰੋਕਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਨੂੰ ਮੁੱਖ ਤਰਜੀਹ ਦਿੱਤੀ ਜਾਵੇਗੀ। ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਸਬੰਧੀ ਕੀਤੇ ਜਾਣ ਵਾਲੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀਆਂ ’ਤੇ ਨਕੇਲ ਕੱਸਣ ਲਈ ਸ਼੍ਰੇਣੀ ਵਾਰ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ’ਤੇ ਸਖਤ ਨਿਗ੍ਹਾ ਰੱਖੀ ਜਾਵੇਗੀ। ਇਸ ਤੋਂ ਇਲਾਵਾ ਨਸ਼ਿਆਂ ਖਿਲਾਫ਼ ਜੰਗ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋਰ ਵੀ ਪ੍ਰਭਾਵੀ ਢੰਗ ਨਾਲ ਚਲਾਇਆ ਜਾਵੇਗਾ। ਟਰੈਫਿਕ ਨੂੰ ਨਿਯੰਤਰਣ ਵਿਚ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਐੱਸਐੱਸਪੀ ਅਸ਼ਵਨੀ ਗੋਟਿਆਲ ਨੇ ਦਫਤਰ ਪੁੱਜਣ ’ਤੇ ਪੰਜਾਬ ਪੁਲੀਸ ਦੀ ਟੁਕੜੀ ਪਾਸੋਂ ਗਾਰਡ ਆਫ਼ ਆਨਰ ਵੀ ਲਿਆ। ਇਸ ਮੌਕੇ ਐੱਸਪੀ ਹੈਡਕੁਆਰਟਰ ਤਰੁਨ ਰਤਨ, ਐੱਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਡੀਐੱਸਪੀ (ਐੱਚ) ਪਲਵਿੰਦਰ ਸਿੰਘ, ਡੀਐੱਸਪੀ ਰਵਿੰਦਰ ਸਿੰਘ, ਤਿਰਲੋਚਨ ਸਿੰਘ, ਸੁਖਅੰਮ੍ਰਿਤ ਰੰਧਾਵਾ, ਨਿਖਿਲ ਗਰਗ, ਕਰਮਵੀਰ ਸਿੰਘ ਹਾਜ਼ਰ ਸਨ।