ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਕਤੂਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱੱਚ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ਹਜ਼ੂਰੀ ਕੀਰਤਨੀ ਜੱਥਿਆਂ ਤੋਂ ਇਲਾਵਾ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕ ਅਜਿਹਾ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ ਕਮਲਾਂ ਨਾਲ ਸੰਪਾਦਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਅਦੁੱਤੀ ਗ੍ਰੰਥ ਹੈ, ਜਿਸ ਅੱਗੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸ ਕਰਦੇ ਹਨ। ਉਨਾਂ ਸੰਗਤ ਨੂੰ ਧਰਮ ਦੇ ਮਾਰਗ ਉਪਰ ਚੱਲਕੇੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ ਜੇ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਉਣ ਦਾ ਯਤਨ ਕਰੀਏ। ਉਨ੍ਹਾਂ ਰਾਗੀ ਜੱਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹਰਪਾਲ ਸਿੰਘ ਖਾਲਸਾ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ ਅਤੇ ਗੁਰਦੀਪ ਸਿੰਘ ਡੀਮਾਰਟੇ ਵੀ ਹਾਜ਼ਰ ਸਨ।