ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਸਤੰਬਰ
ਪੀਏਯੂ ਵਿੱਚ ਬੀਤੀ ਦੇਰ ਸ਼ਾਮ ਖਤਮ ਹੋਏ ਕਿਸਾਨ ਮੇਲੇ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਲਾਏ ਸਟਾਲ ’ਤੇ ਜਿੱਥੇ ਹਜ਼ਾਰਾਂ ਰੁਪਏ ਦਾ ਤਰਕਸ਼ੀਲ, ਸਿਹਤ ਅਤੇ ਇਤਿਹਾਸਕ ਸਾਹਿਤ ਵਿਕਿਆ ਉੱਥੇ ਤਰਕਸ਼ੀਲ ਆਗੂਆਂ ਨੇ ਸਮਾਜ ਵਿੱਚ ਸਿਹਤ ਮੁਸ਼ਕਲਾਂ ਦੇ ਵਾਧੇ ਲਈ ਸਰਕਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਹਰ ਸਾਲ ਕਿਸਾਨ ਮੇਲੇ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਕੱਢਣ ਅਤੇ ਤਰਕਸ਼ੀਲ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਰਕਸ਼ੀਲ ਸਾਹਿਤ ਦਾ ਸਟਾਲ ਲਾਇਆ ਜਾਂਦਾ ਹੈ। ਇਸ ਵਾਰ ਵੀ ਸੁਸਾਇਟੀ ਨੇ ਦੋ ਦਿਨ ਸਟਾਲ ਲਾਇਆ। ਇਸ ਦੌਰਾਨ 30 ਤੋਂ 35 ਹਜ਼ਾਰ ਦਾ ਤਰਕਸ਼ੀਲ, ਸਿਹਤ ਨਾਲ ਸਬੰਧਤ ਅਤੇ ਹੋਰ ਸਾਹਿਤ ਵੇਚਿਆ ਗਿਆ। ਸੁਸਾਇਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਸੁਸਾਇਟੀ ਦੀ ਆਪਣੀਆਂ ਕਿਤਾਬਾਂ ਲਗਪਗ ਮੁਫਤ ਦੇ ਭਾਅ ਹੀ ਕਿਸਾਨਾਂ ਨੂੰ ਦਿੱਤੀਆਂ ਗਈਆਂ। ਕਿਸਾਨਾਂ ਨੇ ਤਰਕਸ਼ੀਲ ਸਾਹਿਤ ਦੇ ਨਾਲ-ਨਾਲ ਮਾਨਸਿਕ ਰੋਗਾਂ, ਸਿਹਤ ਅਤੇ ਇਤਿਹਾਸ ਨਾਲ ਸਬੰਧਤ ਸਾਹਿਤ ਵਿੱਚ ਵਧੇਰੇ ਰੁਚੀ ਦਿਖਾਈ। ਇਸ ਦੌਰਾਨ ਆਗੂਆਂ ਨੇ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ’ਤੇ ਚਿੰਗਾ ਪ੍ਰਗਟਾਈ। ਤਰਕਸ਼ੀਲ ਆਗੂਆਂ ਮਾ. ਰਾਜਿੰਦਰ ਭਦੌੜ, ਜਸਵੰਤ ਜ਼ੀਰਖ, ਬਲਵਿੰਦਰ ਸਿੰਘ, ਗੁਰਪ੍ਰੀਤ ਸਹਿਣਾ, ਦੀਪ ਦਿਲਵਰ ਅਤੇ ਜਸਵੰਤ ਬੋਪਾਰਾਏ, ਮਾ. ਰਾਜਿੰਦਰ ਜੰਡਿਆਲੀ ਨੇ ਮੌਜੂਦਾ ਸਮੇਂ ਵਿੱਚ ਸਮਾਂ ਵਿਹਾ ਚੁੱਕੀਆਂ ਬੇਲੋੜੀਆਂ ਸਮਾਜਿਕ ਰਸਮਾਂ ਅਤੇ ਅੰਧਵਿਸ਼ਵਾਸੀ ਧਾਰਨਾਵਾਂ ਦਾ ਤਿਆਗ ਕਰਨ ਲਈ ਹਰ ਵਿਸ਼ੇ ਨਾਲ ਸਬੰਧਤ ਸਾਹਿਤ ਪੜ੍ਹ ਕੇ ਗਿਆਨ ਹਾਸਲ ਕਰਨ ’ਤੇ ਜ਼ੋਰ ਦਿੱਤਾ।